ਬਟਾਲਾ ‘ਚ ਫਿਰ ਚੱਲੀਆਂ ਗੋਲੀਆਂ, ਅਣਪਛਾਤੇ ਵਿਅਕਤੀਆਂ ਨੇ ਹਸਪਤਾਲ ’ਤੇ ਚਲਾਈਆਂ ਗੋਲੀਆਂ
ਬਟਾਲਾ ਸ਼ਹਿਰ ’ਚ ਗੋਲੀ ਚੱਲੀਆਂ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਆਏ ਦਿਨ ਗੋਲੀਆਂ ਚੱਲਣ ਨਾਲ ਲੋਕਾਂ ’ਚ ਦਹਿਸ਼ਤ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਬਟਾਲਾ ਦੇ ਗੌਂਸਪੁਰਾ ਰੋਡ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵਲੋਂ ਛੀਨਾ ਹਸਪਤਾਲ ਦੇ ਗੇਟ ’ਤੇ ਗੋਲੀਆਂ ਚੱਲਾ ਦਿੱਤੀਆਂ ਗਈਆਂ
Publish Date: Tue, 09 Jun 2026 05:39 PM (IST)
Updated Date: Tue, 09 Jun 2026 05:43 PM (IST)
ਸ਼ਾਮ ਤਿਵਾੜੀ, ਬਟਾਲਾ ,ਪੰਜਾਬੀ ਜਾਗਰਣ : ਬਟਾਲਾ ਸ਼ਹਿਰ ’ਚ ਗੋਲੀ ਚੱਲੀਆਂ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਆਏ ਦਿਨ ਗੋਲੀਆਂ ਚੱਲਣ ਨਾਲ ਲੋਕਾਂ ’ਚ ਦਹਿਸ਼ਤ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਬਟਾਲਾ ਦੇ ਗੌਂਸਪੁਰਾ ਰੋਡ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵਲੋਂ ਛੀਨਾ ਹਸਪਤਾਲ ਦੇ ਗੇਟ ’ਤੇ ਗੋਲੀਆਂ ਚੱਲਾ ਦਿੱਤੀਆਂ ਗਈਆਂ ਅਤੇ ਇਸ ਘਟਨਾ ’ਚ ਇਕ ਨਰਸ ਵੀ ਜ਼ਖਮੀ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਬਾਹਰ ਸਨ ਅਤੇ ਅੱਜ ਸ਼ਾਮ ਸਮੇਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ 2 ਅਣਪਛਾਤੇ ਵਿਅਕਤੀ ਹਸਪਤਾਲ ਦੇ ਬਾਹਰ ਆਏ ਅਤੇ ਉਨ੍ਹਾਂ ਵਲੋਂ ਕਰੀਬ 4 ਰਾਊਂਡ ਫਾਇਰ ਹਸਪਤਾਲ ਦੇ ਗੇਟ ’ਤੇ ਕੀਤੇ ਗਏ ਜਿਸਦੇ ਚਲਦਿਆਂ ਹਸਪਤਾਲ ਦਾ ਕੱਚ ਵਾਲਾ ਗੇਟ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਜਦਕਿ ਗੇਟ ਦਾ ਕੱਚ ਇਕ ਨਰਸ ਦੀਆਂ ਅੱਖਾਂ ’ਚ ਪੈ ਗਿਆ ਅਤੇ ਉਹ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ, ਐੱਸ.ਐੱਚ.ਓ ਸਿਵਲ ਲਾਈਨ ਗੁਰਮੀਤ ਸਿੰਘ, ਸੀ.ਆਈ.ਏ ਸਟਾਫ ਦੇ ਇੰਚਾਰਜ ਸੁਖਰਾਜ ਸਿੰਘ ਅਤੇ ਅਰਬਨ ਅਸਟੇਟ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਵਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾਸਥਲ ਦਾ ਜਾਇਜਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ’ਤੇ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਪੁਲਸ ਵਲੋਂ ਹਸਪਤਾਲ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਡੀ.ਵੀ.ਆਰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ।