ਪਵਨ ਤ੍ਰੇਹਨ, ਬਟਾਲਾ : ਇੱਥੇ ਇਕ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ 19 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਫੈਕਟਰੀ ਅੰਦਰ ਹਾਲੇ ਵੀ ਲਗਪਗ 27 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਫੈਕਟਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਘਟਨਾ ਨਾਲ ਪੂਰੇ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਘਟਨਾ ਵਾਲੀ ਥਾਂ ਫਾਇਰ ਬ੍ਰਿਗੇਡ ਤੇ ਬਚਾਅ ਦਲ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ ਅਤੇ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਣ 'ਚ ਜੁਟੇ ਹਨ।ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਫੈਕਟਰੀ 'ਚ ਹੋਏ ਧਮਾਕੇ ਕਾਰਨ ਹੁਣ ਤੱਕ 19 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਹਾਦਸੇ ਵਿੱਚ 27 ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਹੈ। ਗੰਭੀਰ ਜ਼ਖ਼ਮੀਆਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਦੇ ਪਰਿਵਾਰ ਦੇ ਪੰਜ ਮੈਂਬਰ ਵੀ ਮਲਬੇ ਹੇਠ ਦੱਬੇ ਹੋਏ ਹਨ। ਮੌਕੇ 'ਤੇ ਜੀਸੀਬੀ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹੈ। ਐਂਬੂਲੈਂਸ ਤੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਕਾਰਜ 'ਚ ਜੁਟੀਆਂ ਹਨ। ਪਰ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜ਼ਖ਼ਮੀ ਲੋਕ ਉੱਡ ਕੇ ਕਈ-ਕਈ ਫੁੱਟ ਦੂਰ ਜਾ ਕੇ ਡਿੱਗੇ ਹਨ। ਪ੍ਰਤੱਖ ਦਰਸ਼ੀਆਂ ਤੋਂ ਪਤਾ ਚੱਲਿਆ ਹੈ ਕਿ ਇਕ ਦੁਕਾਨ 'ਚ ਪਟਾਕੇ ਫਟਣ ਕਾਰਨ ਸਿਲੰਡਰ ਫੱਟ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ।

Posted By: Seema Anand