ਪਵਨ ਤੇ੍ਹਨ, ਬਟਾਲਾ : ਭਾਜਪਾ ਦੀ ਮਹਿਲਾ ਆਗੂ ਨੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਭਾਟੀਆ 'ਤੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਪੀੜਤਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭਾਟੀਆ ਦੇ ਖ਼ਿਲਾਫ਼ ਇਕ ਸ਼ਿਕਾਇਤ ਪੱਤਰ ਲਿਖਿਆ ਹੈ। ਉਸ ਵਿਚ ਭਾਟੀਆ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਪੱਤਰ 'ਚ ਮਹਿਲਾ ਆਗੂ ਨੇ ਸਾਫ ਤੌਰ 'ਤੇ ਦੋਸ਼ ਲਾਏ ਹਨ ਕਿ ਭਾਟੀਆ ਨੇ ਉਸ ਨੂੰ ਪਾਰਟੀ 'ਚ ਉੱਚ ਅਹੁਦਾ ਦਿਵਾਉਣ ਦੇ ਨਾਂ 'ਤੇ ਉਸ ਨਾਲ ਧਰਮਸ਼ਾਲਾ ਘੁੰਮਣ ਦੀ ਆਫਰ ਦਿੱਤੀ ਸੀ। ਦਰਅਸਲ ਮਹਿਲਾ ਵਿਧਵਾ ਹੈ।

ਮਹਿਲਾ ਮੁਤਾਬਿਕ ਉਸ ਦੀ ਮੁਲਾਕਾਤ ਰਾਕੇਸ਼ ਭਾਟੀਆ ਨਾਲ ਕਿਸੇ ਕੰਮ ਨੂੰ ਲੈ ਕੇ ਹੋਈ ਸੀ। ਫਿਰ ਬਾਅਦ 'ਚ ਉਸ ਨੇ ਫੋਨ 'ਤੇ ਗੱਲਬਾਤ ਸ਼ੁਰੂ ਕੀਤੀ। ਭਾਜਪਾ ਕਾਰਜਕਾਰਨੀ 'ਚ ਉਸ ਨੂੰ ਮੈਂਬਰ ਬਣਾਇਆ। ਉਪਰੰਤ ਭਾਟੀਆ ਨੇ ਉਸ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਸਰੀਰਕ ਸਬੰਧ ਬਣਾਉਣ ਲਈ ਧਰਮਸ਼ਾਲਾ ਜਾਣ ਲਈ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮਹਿਲਾ ਆਗੂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਪਾਰਟੀ 'ਚੋਂ ਜਲਦੀ ਤੋਂ ਜਲਦੀ ਕੱਢਿਆ ਜਾਵੇ। ਮਹਿਲਾ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਪ੍ਰਧਾਨ ਖ਼ਿਲਾਫ਼ ਹਰ ਤਰ੍ਹਾਂ ਦੇ ਪ੍ਰਮਾਣ ਹਨ, ਜਿਸ ਨੂੰ ਸਮਾਂ ਆਉਣ 'ਤੇ ਜਨਤਕ ਕਰ ਸਕਦੀ ਹੈ।

ਗੱਲਬਾਤ ਦੀਆਂ ਦੋ ਆਡੀਓਜ਼ ਵਾਇਰਲ

ਮਹਿਲਾ ਤੇ ਰਾਕੇਸ਼ ਭਾਟੀਆ ਦੀ ਗੱਲਬਾਤ ਦੀਆਂ ਦੋ ਆਡੀਓਜ਼ ਵਾਇਰਲ ਹੋਈਆਂ ਹਨ। ਇਨ੍ਹਾਂ 'ਚ ਉਕਤ ਮਹਿਲਾ ਤੇ ਭਾਟੀਆ ਪੰਜਾਬ ਕਾਰਜਕਾਰਨੀ ਲਿਸਟ 'ਤੇ ਹਾਈਕਮਾਨ ਦੇ ਫ਼ੈਸਲੇ ਬਾਰੇ ਗੱਲ ਕਰ ਰਹੇ ਹਨ। ਇਸ ਤੋਂ ਇਲਾਵਾ ਧਰਮਸ਼ਾਲਾ ਲਿਜਾਣ ਦੀ ਗੱਲ ਕੀਤੀ ਗਈ ਹੈ।

ਤਿ੍ਵੈਣੀ ਚੌਹਾਨ ਨਾਲ ਫੋਟੋ ਹੋਈ ਸੀ ਵਾਇਰਲ

ਕੁਝ ਦਿਨ ਪਹਿਲਾਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਭਾਟੀਆ ਤੇ ਸ਼ਰਾਬ ਮਾਫੀਆ ਦੇ ਦੋਸ਼ਾਂ 'ਚ ਘਿਰੀ ਤਿ੍ਵੈਣੀ ਚੌਹਾਨ ਨਾਲ ਕਿਸੇ ਫੰਕਸ਼ਨ 'ਚ ਇਕੱਠੇ ਖੜ੍ਹੇ ਹੋਣ ਦੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਇਹ ਗਰਮ ਮੁੱਦਾ ਮਿਲ ਗਿਆ ਸੀ। ਹੁਣ ਮਹਿਲਾ ਆਗੂ ਵੱਲੋਂ ਗੰਭੀਰ ਦੋਸ਼ ਲਾਏ ਜਾਣ ਨਾਲ ਭਾਟੀਆ ਦੀ ਪ੍ਰਧਾਨ ਦੀ ਕੁਰਸੀ 'ਤੇ ਖਤਰਾ ਪੈ ਗਿਆ ਹੈ।

ਸ਼ਿਕਾਇਤ ਦੀ ਚਲ ਰਹੀ ਹੈ ਜਾਂਚ : ਅਸ਼ਵਨੀ ਸ਼ਰਮਾ

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਉਨ੍ਹਾਂ ਤਕ ਪਹੁੰਚ ਚੁੱਕੀ ਹੈ। ਸ਼ਿਕਾਇਤ ਦੀ ਜਾਂਚ ਅੱਗੇ ਬਟਾਲਾ ਇੰਚਾਰਜ ਨਰੇਸ਼ ਸ਼ਰਮਾ ਨੂੰ ਸੌਂਪ ਦਿੱਤੀ ਗਈ ਹੈ। ਜਾਂਚ 'ਚ ਜੋ ਸਾਹਮਣੇ ਆਵੇਗਾ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਹੋਵੇਗੀ। ਸ਼ਿਕਾਇਤ ਕਰਨ ਵਾਲੀ ਮਹਿਲਾ ਪੰਜਾਬ ਕਾਰਜਕਾਰਨੀ ਦੀ ਮੈਂਬਰ ਨਹੀਂ ਹੈ।

ਪਾਰਟੀ ਵੱਲੋਂ ਇਨਸਾਫ ਨਾ ਮਿਲਿਆ ਤਾਂ ਐੱਸਐੱਸਪੀ ਨੂੰ ਦੇਵਾਂਗੀ ਲਿਖਤੀ ਸ਼ਿਕਾਇਤ : ਮਹਿਲਾ ਆਗੂ

ਇਸ ਸਬੰਧੀ ਉਕਤ ਮਹਿਲਾ ਆਗੂ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਵੱਲੋਂ ਉਸ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਐੱਸਐੱਸਪੀ ਦਫ਼ਤਰ ਵਿਖੇ ਲਿਖਤੀ ਸ਼ਿਕਾਇਤ ਦੇਵੇਗੀ।

ਰਾਕੇਸ਼ ਭਾਟੀਆ ਨੇ ਨਹੀਂ ਚੁੱਕਿਆ ਫੋਨ

ਇਨ੍ਹਾਂ ਗੰਭੀਰ ਦੋਸ਼ਾਂ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਦਾ ਪੱਖ ਜਾਣਨ ਲਈ ਬਾਰ-ਬਾਰ ਫੋਨ ਕੀਤੇ ਗਏ ਤਾਂ ਵੀ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਿਝਆ।