ਜੇਐੇੱਨਐੱਨ, ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਪਿੰਡ ਢਿੱਲਵਾਂ ਪਹੁੰਚੇ। ਉਨ੍ਹਾਂ ਨਾਲ ਸਾਬਕਾ ਮੰਤਰੀ ਤੇ ਵਿਧਾਨ ਸਭਾ ਹਲਕਾ ਮਜੀਠਾ ਦੇ ਵਿਦਾਇਕ ਬਿਕਰਮ ਸਿੰਘ ਮਜੀਠਾ ਤੇ ਬਟਾਲਾ ਵਿਧਾਨ ਸਭਾ ਹਲਕਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵੀ ਸਨ। ਇੱਥੇ ਉਹ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਪ੍ਰਗਟ ਕਰਨ ਪਹੁੰਚੇ ਸਨ। ਸੁਖਬੀਰ ਬਾਦਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪਾਰਟੀ ਹਰ ਸਮੇਂ ਪਰਿਵਾਰ ਨਾਲ ਖੜ੍ਹੀ ਹੈ। ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਤੇ ਹੱਤਿਆਰਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਦਲਬੀਰ ਸਿੰਘ ਵਾਸੀ ਪਿੰਡ ਢਿੱਲਵਾਂ ਦਾ 18 ਨਵੰਬਰ 2019 ਨੂੰ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਫਿਲਹਾਲ ਇਸ ਕੇਸ ਦਾ ਮੁੱਖ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਦੂਰ ਹੈ।

ਇਸ ਮੌਕੇ ਬਾਦਲ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਦੇ ਪਾਰਟੀ ਦੇ ਨੇਤਾ ਦਾ ਕਤਲ ਹੁੰਦਾ ਹੈ ਪਰ ਪੁਲਿਸ ਅਜੇ ਤਕ ਮੁੱਖ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਸਕੀ। ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਤੇ ਮੰਤਰੀ ਗੈਂਗਸਟਰਾਂ ਕੋਲੋਂ ਮਹੀਨਾ ਲੈਂਦੇ ਹਨ। ਸ਼ਰੇਆਮ ਪੰਜਾਬ 'ਚ ਕਤਲ ਕਰ ਕੇ ਬਾਹਰ ਭੱਜ ਜਾਂਦੇ ਹਨ। ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਫੜਨ 'ਚ ਅਸਫ਼ਲ ਰਹਿੰਦੀ ਹੈ। ਅਜਿਹਾ ਹੀ ਦਲਬੀਰ ਸਿੰਘ ਨਾਲ ਹੋਇਆ। ਦਲਬੀਰ ਦਾ ਕਤਲ ਸਿਆਸੀ ਰੰਜਿਸ਼ ਕਾਰਨ ਹੋਇਆ। ਇਹ ਕਤਲ ਇਕ ਕੈਬਨਿਟ ਮੰਤਰੀ ਦੇ ਕਹਿਣ 'ਤੇ ਜੇਲ੍ਹ 'ਚ ਬੰਦ ਜੱਗੂ ਗੈਂਗਸਟਰ ਵੱਲੋਂ ਸਾਥੀਆਂ ਕੋਲੋਂ ਕਰਵਾਇਆ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਤੇ ਵਰਕਰਾਂ ਨੂੰ ਪਾਰਟੀ ਤੋਂ ਤੋੜਨ ਦੀ ਕਾਂਗਰਸ ਸਾਜ਼ਿਸ਼ ਘੜ ਰਹੀ ਹੈ। ਮਨ੍ਹਾ ਕਰਨ 'ਤੇ ਗੈਂਗਸਟਰਾਂ ਕੋਲੋਂ ਵਰਕਰ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ। ਕਾਨੂੰਨ ਨਾਂ ਦੀ ਵਿਵਸਥਾ ਪੰਜਾਬ 'ਚ ਖਤਮ ਹੋ ਚੁੱਕੀ ਹੈ। ਪੁਲਿਸ ਦਾ ਰਾਜ ਖਤਮ ਹੋ ਚੁੱਕਾ ਹੈ। ਗੈਂਗਸਟਰਾਂ ਦਾ ਪੰਜਾਬ 'ਚ ਰਾਜ ਚੱਲ ਰਿਹਾ ਹੈ। ਉਹ ਸ਼ਰੇਆਮ ਚਿੱਟਾ ਵੇਚ ਰਹੇ ਹਨ। ਬਟਾਲਾ ਐੱਸਐੱਸਪੀ ਉਪਿੰਦਰਜੀਤ ਸਿੰਘ ਦਲਬੀਰ ਹੱਤਿਆਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਅਸਫ਼ਲ ਰਿਹਾ ਹੈ। ਐੱਸਐੱਸਪੀ ਵਿਭਾਗ ਦੀ ਡਿਊਟੀ ਛੱਡ ਕੇ ਨੇਤਾਵਾਂ ਦੀ ਡਿਊਟੀ ਕਰ ਰਿਹਾ ਹੈ।

ਸਰਕਾਰ 'ਤੇ ਬਣਾਵਾਂਗੇ ਦਬਾਅ

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਜੀਠਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਉਸ ਕੇਸ 'ਚ ਜੱਗੂ ਗੈਂਗਸਟਰ ਦੇ ਸਾਥੀ ਪਵਿੱਤਰ ਗੈਂਗਸਟਰ ਦਾ ਨਾਂ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਨੇਤਾਵਾਂ ਦੇ ਹੱਤਿਆਰਿਆਂ ਨੂੰ ਗਿ੍ਫ਼ਤਾਰ ਕਰਵਾਉਣ 'ਚ ਪੁਲਿਸ ਅਸਫ਼ਲ ਰਹੀ। ਇਨ੍ਹਾਂ ਕੇਸਾਂ ਨੂੰ ਲੈ ਕੇ ਪਾਰਟੀ ਵੱਡੇ ਪੱਧਰ 'ਤੇ ਸਰਕਾਰ 'ਤੇ ਦਬਾਅ ਬਣਾਵੇਗੀ। ਵਿਧਾਨ ਸਭਾ ਸੈਸ਼ਨ 'ਚ ਇਸ ਮਸਲੇ ਨੂੰ ਉਠਾਇਆ ਜਾਵੇਗਾ।