ਪਵਨ ਤੇ੍ਹਨ/ਸਰਵਣ ਸਿੰਘ ਘੁਮਾਣ, ਬਟਾਲਾ : ਸਥਾਨਕ ਹੰਸਲੀ ਵਾਲੇ ਪੁਲ਼ ਦੇ ਨਜ਼ਦੀਕ ਪਟਾਕਾ ਫੈਕਟਰੀ 'ਚ ਹੋਏ ਜ਼ੋਰਦਾਰ ਤਿੰਨ ਧਮਾਕਿਆਂ ਨਾਲ ਕਰੀਬ 23 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਹ ਹਾਦਸਾ ਦੁਪਹਿਰ ਕਰੀਬ 3:45 'ਤੇ ਵਾਪਰਿਆ। ਹਾਦਸੇ ਵਾਲੀ ਜਗ੍ਹਾ ਦੇ ਨਜ਼ਦੀਕ ਹੀ ਸਕੂਲ ਹੈ, ਜਿਸ 'ਚ ਕਰੀਬ 1 ਘੰਟੇ ਪਹਿਲਾਂ ਹੀ ਛੁੱਟੀ ਹੋਈ ਸੀ ਤੇ ਸਾਰੇ ਬੱਚੇ ਉੱਥੋਂ ਜਾ ਚੁੱਕੇ ਸਨ, ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਸਾਬਤ ਹੋ ਸਕਦਾ ਸੀ। ਧਮਾਕੇ ਇੰਨੇ ਜ਼ੋਰਦਾਰ ਸਨ ਕਿ ਸਾਰਾ ਸ਼ਹਿਰ ਉਸ ਦੀ ਆਵਾਜ਼ ਨਾਲ ਕੰਭ ਉੱਠਿਆ। ਪਟਾਕੇ ਫੈਕਟਰੀ ਤੇ ਉਸ ਦੇ ਨਾਲ ਲਗਦਿਆਂ 2, 3 ਇਮਾਰਤਾਂ ਪੁਰੀ ਤਰ੍ਹਾਂ ਨਾਲ ਜ਼ਮੀਨਦੋਸ਼ ਹੋ ਗਈਆਂ, ਜਿਸ ਦੇ ਮਲਬੇ ਹੇਠਾਂ ਆ ਕੇ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੂਪ ਜ਼ਖ਼ਮੀ ਹੋ ਗਏ।

ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਪੁਲਿਸ ਪ੍ਰਸ਼ਾਸਨ ਤੇ ਸਥਾਨਕ ਲੋਕ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਰਾਹਤ ਕੰਮਾਂ 'ਚ ਲੱਗ ਗਏ। ਫਾਇਰ ਬਿ੍ਗੇਡ ਦੀਆਂ ਗੱਡੀਆਂ ਤੇ ਐਬੂਲੈਂਸਾਂ ਤੁਰੰਤ ਹੀ ਘਟਨਾ ਸਥਾਨ 'ਤੇ ਪਹੁੰਚ ਗਈਆਂ। ਮਿ੍ਤਕਾਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਹੈਰਾਨੀਜਨਕ ਗੱਲ ਹੈ ਕਿ ਪਟਾਕਾ ਫੈਕਟਰੀ ਤੇ ਉਸ ਦਾ ਗੋਦਾਮ ਭਰੀ ਆਬਾਦੀ ਵਾਲੀ ਗੁਰੂ ਰਾਮ ਦਾਸ ਕਾਲੋਨੀ 'ਚ ਮੋਜੂਦ ਹੈ, ਜਿਸ ਦੇ ਨਾਲ ਹੀ ਸ਼ਹਿਰ ਦਾ ਮਸ਼ਹੂਰ ਸਕੂਲ ਸੰਤ ਫ੍ਾਂਸਿਸ ਵੀ ਹੈ। ਇਸ ਦੇ ਬਾਵਜੂਦ ਵੀ ਇੱਥੇ ਕਈ ਸਾਲਾਂ ਤੋਂ ਪਟਾਕਾ ਫੈਕਟਰੀ ਚੱਲ ਰਹੀ ਹੈ। ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਦੁਖਦਾਈ ਹਾਦਸੇ 'ਤੇ ਗਹਿਰਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਹਾਦਸੇ ਤੋਂ ਬਾਅਦ ਹੀ ਕਿਉਂ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਕਿਉਂਕਿ ਸ਼ਹਿਰ ਅੰਦਰ ਪਟਾਕਾ ਫੈਕਟਰੀ ਤੇ ਗੈਸ ਏਜੰਸੀਆਂ ਦੇ ਗੋਦਾਮ ਮੋਜੂਦ ਹਨ, ਜਿਸ ਕਾਰਨ ਸ਼ਹਿਰ ਵਾਸੀ ਇਕ ਬਰੂਦ ਦੇ ਢੇਰ 'ਤੇ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਸੀ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਇਸ ਸਬੰਧੀ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਸੇਵਾ ਸਿੰਘ ਸੇਖਵਾਂ ਤੇ ਲੋਕ ਇਨਸਾਫ ਪਾਰਟੀ ਬਟਾਲਾ ਦੇ ਪ੍ਰਧਾਨ ਵਿਜੇ ਤ੍ਰੇਹਨ ਨੇ ਮਿ੍ਤਕਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਵਿਚੋਂ-ਵਿਚ ਪਟਾਕਾ ਫੈਕਟਰੀ ਦਾ ਹੋਣਾ ਪ੍ਰਸ਼ਾਸਨ ਦੀ ਕਮਜ਼ੋਰੀ ਦਾ ਸਬੂਤ ਹੈ।