ਜੇਐੱਨਐੱਨ, ਬਟਾਲਾ : ਬਾਬੇ ਦੇ ਵਿਆਹ ਦੀਆਂ ਖੁਸ਼ੀਆਂ 'ਚ ਕੁਝ ਲੋਕ ਪਟਾਕੇ ਖਰੀਦਣ ਲਈ ਫੈਕਟਰੀ ਪਹੁੰਚੇ ਸਨ। ਇਨ੍ਹਾਂ 'ਚ ਜ਼ਖ਼ਮੀ ਸਾਹਿਬ ਸਿੰਘ ਵਾਸੀ ਪਿੰਡ ਝੰਗਲਾ ਵੀ ਸ਼ਾਮਲ ਸੀ, ਜੋ ਧਮਾਕੇ ਦੌਰਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਪਟਾਕੇ ਖਰੀਦਣ ਲਈ ਫੈਕਟਰੀ ਗਿਆ ਸੀ। ਹਾਲੇ ਉਹ ਪਟਾਕੇ ਖਰੀਦ ਕੇ ਫੈਕਟਰੀ ਦੇ ਬਾਹਰ ਹੀ ਨਿਕਲਿਆ ਸੀ ਕਿ ਅਚਾਨਕ ਧਮਾਕਾ ਹੋ ਗਿਆ। ਹਾਦਸੇ ਦੌਰਾਨ ਆਸਮਾਨ 'ਚ ਧੂੰਆਂ ਛਾ ਗਿਆ। ਕੁਝ ਸਮਝ ਸਕਦਾ ਇਸ ਤੋਂ ਪਹਿਲਾਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਜਦ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਆਲੇ-ਦੁਆਲੇ ਲਾਸ਼ਾਂ ਪਈਆਂ ਸਨ।

ਲੋਕ ਵਿਰਲਾਪ ਕਰ ਰਹੇ ਸਨ ਤੇ ਐਂਬੂਲੈਂਸਾਂ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਲਿਜਾ ਰਹੀਆਂ ਸਨ।

ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਹਾਲਾਤ ਹੋਰ ਵੀ ਮਾੜੇ ਸਨ। ਜ਼ਖਮੀ ਦਰਦ ਦੇ ਮਾਰੇ ਚੀਕਾਂ ਮਾਰ ਰਹੇ ਸਨ। ਸਾਹਿਬ ਨੇ ਕਿਹਾ ਕਿ ਉਸ ਨੇ ਜ਼ਿੰਦਗੀ 'ਚ ਅਜਿਹਾ ਵੇਲਾ ਕਦੇ ਨਹੀਂ ਦੇਖਿਆ। ਅੱਜ ਦਾ ਦਿਨ ਸਿੱਖ ਧਰਮ 'ਚ ਕਾਫੀ ਮਹੱਤਵ ਰੱਖਦਾ ਹੈ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਹਸਪਤਾਲ ਸਟਾਫ ਖ਼ਿਲਾਫ਼ ਸ਼ਿਕਾਇਤ ਸੀ ਕਿ ਉਹ ਜ਼ਖ਼ਮੀ ਹਾਲਤ 'ਚ ਕਰੀਬ ਅੱਧਾ ਘੰਟਾ ਬੈਠਿਆ ਰਿਹਾ ਪਰ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਉਸ ਨੇ ਦੋਸ਼ ਲਾਇਆ ਕਿ ਡਾਕਟਰ ਮਰੀਜ਼ਾਂ ਨੂੰ ਕਹਿ ਰਹੇ ਸਨ ਕਿ ਖੁਦ ਜਾ ਕੇ ਬੈੱਡ 'ਤੇ ਲੇਟ ਜਾਣ।


ਇਸੇ ਤਰ੍ਹਾਂ ਜ਼ਖ਼ਮੀ ਸੁਖਦੇਵ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਚਾਹਲ ਕਲਾਂ ਨੇ ਦੱਸਿਆ ਕਿ ਉਹ ਫੈਕਟਰੀ ਦੇ ਗੁਆਂਢ 'ਚ ਮਿਸਤਰੀ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਹਾਦਸਾ ਹੋ ਗਿਆ। ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ। ਉਧਰ ਮੌਕੇ 'ਤੇ ਪੁੱਜੇ ਸਿਵਲ ਸਰਜਨ ਡਾ. ਕੇਵਲ ਕ੍ਰਿਸ਼ਨ ਤੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਕਿਹਾ ਕਿ ਅਜਿਹਾ ਕੋਈ ਗੱਲ ਨਹੀਂ ਹੈ। ਉਨ੍ਹਾਂ ਦੀ ਟੀਮ ਹਰੇਕ ਮਰੀਜ਼ ਨੂੰ ਪਹਿਲ ਦੇ ਆਧਾਰ 'ਤੇ ਦੇਖ ਰਹੀ ਹੈ।


ਵਾਰਡ 'ਚ ਨਹੀਂ ਦਿਖਿਆ ਸਟਾਫ

ਸਿਵਲ ਹਸਪਤਾਲ 'ਚ ਜ਼ਖ਼ਮੀਆਂ ਨੂੰ ਲੈ ਕੇ ਐਂਬੂਲੈਂਸ ਪਹੁੰਚੀ। ਐਮਰਜੈਂਸੀ 'ਚ ਚਾਰ ਡਾਕਟਰ ਤੇ ਸਟਾਫ ਮੌਜੂਦ ਸੀ, ਜਦਕਿ ਵਾਰਡ 'ਚ ਜ਼ੇਰੇ ਇਲਾਜ ਲੋਕਾਂ ਨੂੰ ਦੇਖਣ ਲਈ ਕੋਈ ਡਾਕਟਰ ਮੌਜੂਦ ਨਹੀਂ ਸੀ। ਡਾਕਟਰਾਂ ਦਾ ਤਰਕ ਸੀ ਕਿ ਉਹ ਕੀ ਕਰ ਸਕਦੇ ਹਨ। ਸਟਾਫ ਦੀ ਬਹੁਤ ਕਮੀ ਹੈ।

ਐਂਬੂਲੈਂਸ ਦੀ ਘਾਟ

ਸਿਵਲ ਹਸਪਤਾਲ ਦੀ ਇਕ ਵੀ ਐਂਬੂਲੈਂਸ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚੀ। ਕੇਵਲ 108 ਤੇ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਕੰਮ ਕਰ ਰਹੀਆਂ ਸਨ। ਸਥਿਤੀ ਇਹ ਸੀ ਕਿ ਡਾਕਟਰ ਐਂਬੂਲੈਂਸ 'ਚ ਹੀ ਮਰੀਜ਼ਾਂ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਰਹੇ ਸਨ।

ਲਾਸ਼ਾਂ ਰੱਖਣ 'ਚ ਵੀ ਪੇਸ਼ ਆਈ ਦਿੱਕਤ

ਲਾਸ਼ਾਂ ਦੀ ਗਿਣਤੀ ਜਿਵੇਂ-ਜਿਵੇਂ ਵੱਧਦੀ ਗਈ, ਉਸੇ ਤਰ੍ਹਾਂ ਮੁਰਦਾ ਘਰ 'ਚ ਲਾਸ਼ਾਂ ਰੱਖਣ ਦੀ ਥਾਂ ਹੀ ਨਹੀਂ ਰਹੀ। ਮਜਬੂਰਨ ਸਿਵਲ ਹਸਪਤਾਲ ਬਟਾਲਾ ਤੋਂ ਹੋਰਨਾਂ ਹਸਪਤਾਲਾਂ 'ਚ ਲਾਸ਼ਾਂ ਰਖਵਾਈਆਂ ਗਈਆਂ। ਅਧਿਕਾਰੀਆਂ ਅਨੁਸਾਰ ਲਾਸ਼ਾਂ ਦਾ ਪੋਸਟਮਾਰਟਮ ਸਵੇਰੇ ਹੋਵੇਗਾ।

Posted By: Amita Verma