ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 532ਵਾਂ ਵਿਆਹ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਸਾਢੇ 7 ਵਜੇ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ਾਹੀ ਠਾਠ-ਬਾਠ ਨਾਲ ਬਟਾਲਾ ਦੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਲਈ ਰਵਾਨਾ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਬਾਬਾ ਨਾਨਕ ਦੀ ਬਰਾਤ 'ਚ ਹਾਥੀ, ਘੋੜਿਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਣਗੀਆਂ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਜ਼ਾ ਫੁੱਲਾਂ ਨਾਲ ਸਜੀ ਪਾਲਕੀ 'ਚ ਸੁਸ਼ੋਭਿਤ ਕੀਤਾ ਜਾਂਦਾ ਹੈ। ਥਾਂ-ਥਾਂ ਬਰਾਤੀਆਂ ਲਈ ਲੰਗਰ ਲਗਾਏ ਜਾਂਦੇ ਹਨ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਣ ਕਾਰਨ ਬਾਬੇ ਨਾਨਕ ਦੇ ਵਿਆਹ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ।80 ਕਿੱਲੋਮੀਟਰ ਦੂਰ ਜਾਂਦੀ ਹੈ ਬਰਾਤ

ਬਾਬੇ ਨਾਨਕ ਦੀ ਬਰਾਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋ ਕੇ ਤਲਵੰਡੀ ਚੌਧਰੀਆਂ, ਮੁੰਡੀ ਮੋੜ ਫੱਤੂ ਢੀਂਗਾ, ਸੁਰਖਪੁਰ, ਭੰਡਾਲ ਬੇਟ, ਧਾਲੀਵਾਲ, ਢਿੱਲਵਾਂ, ਬਿਆਸ, ਬਾਬਾ ਬਕਾਲਾ, ਸਠਿਆਲਾ ਹੁੰਦੇ ਹੋਏ 80 ਕਿੱਲੋਮੀਟਰ ਦਾ ਸਫਰ ਕਰ ਕੇ ਬਟਾਲਾ ਦੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਪਹੁੰਚਦੀ ਹੈ।


ਯੁਗਾਂ-ਯੁਗਾਂ ਤਕ ਕਾਇਮ ਰਹੇਗੀ ਕੰਧ

ਜਿਸ ਵੇਲੇ ਬਾਬਾ ਨਾਨਕ ਦੀ ਬਰਾਤ ਠਹਿਰਾਈ ਗਈ ਸੀ, ਉਸ ਵੇਲੇ ਬਾਰਸ਼ ਹੋ ਰਹੀ ਸੀ। ਬਾਬਾ ਨਾਨਕ ਇਕ ਕੰਧ ਕੋਲ ਬੈਠੇ ਸਨ। ਬਜ਼ੁਰਗ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕੰਧ ਕੱਚੀ ਹੈ ਤੇ ਡਿੱਗਣ ਵਾਲੀ ਹੈ। ਉਹ ਉਥੋਂ ਉੱਠ ਜਾਣ। ਇੰਨਾ ਸੁਣ ਕੇ ਬਾਬਾ ਨਾਨਕ ਨੇ ਕਿਹਾ ਕਿ ਇਹ ਕੰਧ ਯੁਗਾਂ-ਯੁਗਾਂ ਤਕ ਕਾਇਮ ਰਹੇਗੀ। ਉਹ ਕੱਚੀ ਕੰਧ ਅੱਜ ਵੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਫਰੇਮ 'ਚ ਸੁਰੱਖਿਅਤ ਹੈ। ਇਸੇ ਕਾਰਨ ਗੁਰਦੁਆਰਾ ਸਾਹਿਬ ਦਾ ਨਾਂ ਕੰਧ ਸਾਹਿਬ ਰੱਖਿਆ ਗਿਆ। ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਹਰੇਕ ਸਾਲ ਬਰਾਤ ਨੂੰ ਲੈਣ ਲਈ ਸੰਗਤ ਸ਼ਗਨ ਲੈ ਕੇ ਸੁਲਤਾਨਪੁਰ ਲੋਧੀ ਜਾਂਦੀ ਹੈ।


ਗੁਰਦੁਆਰਾ ਗੁਰੂ ਕਾ ਬਾਗ

ਮਾਤਾ ਸੁਲੱਖਣੀ ਨਾਲ ਵਿਆਹ ਤੋਂ ਬਾਅਦ ਬਾਬਾ ਨਾਨਕ ਦੇ ਘਰ ਦੋ ਲੜਕਿਆਂ ਨੇ ਜਨਮ ਲਿਆ। 8 ਸਤੰਬਰ 1494 ਨੂੰ ਬਾਬਾ ਸ਼੍ਰੀਚੰਦ ਤੇ 12 ਫਰਵਰੀ 1497 ਨੂੰ ਬਾਬਾ ਲਕਸ਼ਮੀ ਦਾਸ ਦਾ ਜਨਮ ਹੋਇਆ। ਬਾਬਾ ਨਾਨਕ ਦੀ ਰਿਹਾਇਸ਼ ਦੇ ਸਾਹਮਣੇ ਬਾਗ ਹੁੰਦਾ ਸੀ। ਇਸੇ ਕਾਰਨ ਇਸ ਥਾਂ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ।


ਮੂਲ ਮੰਤਰ 'ਇਕ ਓਂਕਾਰ ਸਤਿਨਾਮੁ ਕਰਤਾ ਪੁਰਖੁ' ਦਾ ਕੀਤਾ ਸੀ ਉਚਾਰਣ

ਸਾਲ 1483 'ਚ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਂ ਲੋਧੀ ਦੀ ਜਗੀਰ ਦਾ ਹਿੱਸਾ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਤੇ ਉਨ੍ਹਾਂ ਦੇ ਮੌਲਵੀ ਨੂੰ ਨਮਾਜ਼ ਅਦਾ ਕਰਨ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ ਸੀ। ਇਥੇ ਹੀ ਗੁਰੂ ਜੀ ਨੇ ਬੇਈਂ 'ਚ ਡੁਬਕੀ ਲਗਾਈ ਸੀ ਤੇ ਤਿੰਨ ਦਿਨ ਬਾਅਦ ਪ੍ਰਗਟ ਹੋ ਕੇ ਮੂਲ ਮੰਤਰ 'ਇਕ ਓਂਕਾਰ ਸਤਿਨਾਮੁ ਕਰਤਾ ਪੁਰਖੁ' ਦਾ ਉਚਾਰਣ ਕੀਤਾ ਸੀ।

Posted By: Amita Verma