ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ: ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ 26 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਯੂਨੀਅਨਾਂ ਵੱਲੋਂ ਦਿਨ ਪ੍ਰਤੀ ਦਿਨ ਨਵੇਂ ਫੈਸਲੇ ਲਏ ਜਾ ਰਹੇ ਹਨ।

ਸਰਕਾਰ ਦੇ ਅੜੀਅਲ ਰਵੱਈਏ ਨੂੰ ਭੰਨਣ ਲਈ ਜਿਥੇ ਲੜੀ ਵਾਰ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਉਥੇ ਨਾਲ ਹੀ ਨੌਜਵਾਨ ਕਿਸਾਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਖੇਤੀ ਕਾਨੂੰਨ ਰੱਦ ਕਰਨ ਲਈ ਅਪੀਲ ਕੀਤੀ ਹੈ।

ਇਸ ਚਿੱਠੀ ’ਤੇ 30 ਨਵੰਬਰ ਤੋਂ ਮੋਰਚੇ ’ਤੇ ਡਟੇ ਬਾਬਾ ਤਰਨਜੀਤ ਸਿੰਘ ਖਾਲਸਾ ਨਿੱਕੇ ਘੁੰਮਣਾਂ ਵਾਲਿਆਂ ਨੇ ਵੀ ਪਹਿਲਾਂ ਆਪਣਾ ਖ਼ੂਨ ਦਾਨ ਕੀਤਾ ਅਤੇ ਫਿਰ ਖ਼ੂਨ ਨਾਲ ਲਿਖੀ ਚਿੱਠੀ ’ਤੇ ਖ਼ੂਨ ਨਾਲ ਦਸਤਖਤ ਕੀਤੇ। ਪੰਜਾਬੀ ਜਾਗਰਣ ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਰੁੱਧ ’ਚ ਖੇਤੀ ਬਿੱਲਾਂ ਨੂੰ ਲੈ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਜਿਸ ਕਰਕੇ ਕਿਸਾਨੀ ਮੋਰਚੇ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰ ਰੋਜ਼ ਕੇਂਦਰ ਸਰਕਾਰ ਵੱਖ ਵੱਖ ਤਰੀਕਿਆਂ ਰਾਹੀਂ ਕਿਸਾਨਾਂ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ ਪਰ ਕਿਸਾਨ ਮਿੱਥੇ ਟੀਚੇ ’ਤੋਂ ਪਿਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਤੰਤਰ ਦਾ ਜਨਾਜਾ ਕੱਢ ਕਰ ਰੱਖ ਦਿੱਤਾ ਹੈ ਕਿਉਂਕਿ ਲੋਕਤੰਤਰ ਦਾ ਅਸਲ ਭਾਵ ਲੋਕਾਂ ਦੁਆਰਾ ਚੁਣੀ ਲੋਕਾਂ ਲਈ ਸਰਕਾਰ ਹੁੰਦਾ ਹੈ ਪਰ ਕੇਂਦਰ ਸਰਕਾਰ ਸਰਮਾਏਦਾਰਾਂ ਦੀ ਢਾਲ ਬਣ ਕੇ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚੇ ਨੂੰ ਜਿੱਤ ਦਵਾਉਣ ਲਈ ਉਹ ਆਪਣੇ ਖ਼ੂਨ ਦਾ ਆਖਰੀ ਕਤਰਾ ਵੀ ਵਹਾਉਣ ਤੋਂ ਗੁਰੇਜ ਨਹੀਂ ਕਰਨਗੇ। ਇਸ ਮੌਕੇ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲੇ, ਗੁਰਮੇਲ ਸਿੰਘ ਰੋਪੜ, ਸੁਰਜੀਤ ਸਿੰਘ ਭੋਲਾ, ਕੁਲਜੀਤ ਸਿੰਘ ਲੰਬੜਦਾਰ, ਡਾ. ਸੱਤਪਾਲ ਸਿੰਘ ਰਿਆੜ, ਗੁਰਦੇਵ ਸਿੰਘ ਰੰਧਾਵਾ, ਕੁਲਦੀਪ ਸਿੰਘ ਕਲੇਰ, ਗੁਰਿੰਦਰ ਸਿੰਘ ਰੰਧਾਵਾ, ਡਾ. ਹਰਪ੍ਰੀਤ ਸਿੰਘ ਸੱਲੋ, ਰਿਦਮ ਸਿੰਘ ਘੁੰਮਣ, ਰੇਸ਼ਮ ਸਿੰਘ ਘੁੰਮਣ, ਨਵਰੂਪ ਸਿੰਘ ਗੋਲਡੀ, ਸੁਰਜੀਤ ਸਿੰਘ, ਦਿਲਬਾਗ ਸਿੰਘ ਹਾਜ਼ਰ ਸਨ।

Posted By: Jagjit Singh