v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਦੇਸ 'ਚ ਲਾਕਡਾਊਨ ਦੇ ਚਲਦਿਆਂ ਅਸਥੀਆਂ ਜਲਪ੍ਰਵਾਹ ਕਰਨ ਲਈ ਹੁਣ ਲੋਕਾਂ ਨੂੰ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਾਣ ਦੇ ਲਈ ਕੋਈ ਸਾਧਨ ਨਹੀਂ ਮਿਲ ਰਿਹਾ। ਅਜਿਹੇ 'ਚ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਰਾਮ ਬਾਗ਼ ਬਰਨਾਲਾ ਦੇ ਲਾਕਰਾਂ 'ਚ ਰੱਖੀਆਂ ਜਾ ਰਹੀਆਂ ਹਨ। ਲਾਕਡਾਊਨ ਦੇ ਖੁੱਲ੍ਹਦੇ ਹੀ ਇਨ੍ਹਾਂ ਅਸਥੀਆਂ ਨੂੰ ਹਰਿਦੁਆਰਾ ਜਾਂ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਜਲ ਪ੍ਰਵਾਹ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਮ ਬਾਗ਼ ਕਮੇਟੀ ਵਲੋਂ ਰਾਮ ਬਾਗ 'ਚ 30 ਲਾਕਰ ਬਣਾਏ ਗਏ ਹਨ। ਜਿਨ੍ਹਾਂ 'ਚ 21 ਮਾਰਚ ਤੋਂ ਤਿੰਨ ਅਪ੍ਰੈਲ ਤਕ 27 ਲਾਕਰਾਂ 'ਚ ਅਸਥੀਆਂ ਨੂੰ ਰੱਖਿਆ ਗਿਆ ਹੈ, ਜਦਕਿ ਤਿੰਨ ਲਾਕਰ ਅਜੇ ਖ਼ਾਲੀ ਹਨ। ਇਸ ਸਬੰਧੀ ਰਾਮ ਬਾਗ਼ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਨੇ ਦੱਸਿਆ ਕਿ ਸਮਸ਼ਾਨਘਾਟ ਬਰਨਾਲਾ 'ਚ ਅਸਥੀਆਂ ਰੱਖਣ ਲਈ 30 ਲਾਕਰ ਬਣੇ ਹੋਏ ਹਨ, ਜਿਨ੍ਹਾਂ 'ਚ ਮ੍ਰਿਤਕਾਂ ਦੀਆਂ ਅਸਥੀਆਂ ਨੂੰ ਰੱਖਿਆ ਜਾਂਦਾ ਹੈ। ਹੁਣ ਤਕ ਇਨ੍ਹਾਂ ਲਾਕਰਾਂ 'ਚ 27 ਲਾਕਰਾਂ ਦੀਆਂ ਅਸਥੀਆਂ ਨੂੰ ਰੱਖਿਆ ਗਿਆ ਹੈ, ਜਦਕਿ ਤਿੰਨ ਲਾਕਰ ਖ਼ਾਲੀ ਹਨ। ਉਨ੍ਹਾਂ ਕਿਹਾ ਕਿ ਜੇਕਰ ਤਿੰਨੇ ਲਾਕਰ ਵੀ ਬੁੱਕ ਹੋ ਗਏ ਤਾਂ ਰਾਮ ਬਾਗ ਕਮੇਟੀ ਨੇ ਅਸਥੀਆਂ ਰੱਖਣ ਲਈ ਸਮਸ਼ਾਨਘਾਟ ਦੇ ਬਿਲਕੁਲ ਸਾਹਮਣੇ ਕਮਰੇ 'ਚ ਇਕ ਫਰਿੱਜ ਰੱਖਿਆ ਹੈ, ਜਿੱਥੇ ਅਸਥੀਆਂ ਨੂੰ ਨੰਬਰ ਲਗਾ ਕੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਫ਼ਿਊ ਖੁੱਲ੍ਹਣ ਤੋਂ ਬਾਅਦ ਅਸਥੀਆਂ ਨੂੰ ਉਨ੍ਹਾਂ ਦੇ ਪਰਿਵਾਰ ਮੈਂਬਰ ਹਰਿਦੁਆਰਾ ਜਾਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਭਾਵ ਕਰ ਦੇਣਗੇ।

Posted By: Sarabjeet Kaur