ਸੁਖਦੇਵ ਸਿੰਘ, ਬਟਾਲਾ : ਪਿੰਡ ਸ਼ੈਲੋਵਾਲ ਦੇ ਨੌਜਵਾਨ ਦਾ ਅੱਡਾ ਘੁਮਾਣ ਵਿਖੇ ਰੰਜਿਸ਼ਨ ਦਾਤਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ’ਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਵਾਸੀ ਸ਼ੈਲੋਵਾਲ ਨੇ ਦੱਸਿਆ ਕਿ ਉਹ ਘੁਮਾਣ ਵਿਖੇ ਇੰਜਣ ਰਿਪੇਅਰ ਦਾ ਕੰਮ ਕਰਦਾ ਹੈ। ਸੋਮਵਾਰ ਦੁਪਹਿਰ ਕਰੀਬ 1 ਵਜੇ ਜਦ ਉਸ ਦਾ ਪੁੱਤ ਸਿਮਰਨਦੀਪ ਸਿੰਘ (18) ਆਪਣੇ ਭਰਾ ਹਰਮਨਦੀਪ ਸਿੰਘ ਨਾਲ ਸਰਕਾਰੀ ਸਕੂਲ ਘੁਮਾਣ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਅੱਡਾ ਘੁਮਾਣ ਵਿਖੇ ਪਿੰਡ ਸ਼ੈਲੋਵਾਲ ਦੇ ਕੁੱਝ ਵਿਅਕਤੀਆਂ ਨੇ ਉਸ ਦੇ ਪੁੱਤਰਾਂ ’ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਹਮਲੇ ’ਚ ਉਸ ਦਾ ਇਕ ਪੁੱਤ ਹਰਮਨਦੀਪ ਸਿੰਘ ਤਾਂ ਕਿਸੇ ਤਰ੍ਹਾਂ ਮੌਕੇ ਤੋਂ ਭੱਜ ਨਿਕਲਿਆ ਪਰ ਸਿਮਰਨਦੀਪ ਸਿੰਘ ਮੁਲਜ਼ਮਾਂ ਦੇ ਹੱਥੇ ਚਡ਼੍ਹ ਗਿਆ, ਜਿਨ੍ਹਾਂ ਨੇ ਦਾਤਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦ ਉਹ ਗੰਭੀਰ ਜ਼ਖ਼ਮੀ ਸਿਮਰਨਦੀਪ ਸਿੰਘ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਉਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਦ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਦੇ ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਮ੍ਰਿਤਕ ਤਿੰਨ ਭਰਾਵਾਂ ’ਚੋਂ ਸਭ ਤੋਂ ਵੱਡਾ ਸੀ।

ਘਰ ਦੀ ਥਾਂ ਨੂੰ ਲੈ ਕੇ ਚੱਲ ਰਿਹੈ ਝਗੜਾ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਸ਼ੈਲੋਵਾਲ ਦੇ ਇਕ ਪਰਿਵਾਰ ਨਾਲ ਘਰ ਦੀ ਥਾਂ ਨੂੰ ਲੈ ਕੇ ਝਗਡ਼ਾ ਚੱਲਦਾ ਆ ਰਿਹਾ ਸੀ। ਉਕਤ ਵਿਅਕਤੀਆਂ ਨੇ 19 ਸਤੰਬਰ 2020 ਨੂੰ ਉਸ ਦੀ ਬਜ਼ੁਰਗ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ ਤੇ ਘਰ ਦੀ ਥਾਂ ’ਤੇ ਕਬਜ਼ਾ ਕਰ ਲਿਆ ਸੀ। 1 ਅਕਤੂਬਰ 2020 ਨੂੰ ਉਨ੍ਹਾਂ ਨੇ ਉਸ ਦੇ ਛੋਟੇ ਪੁੱਤਰ ਹਰਮਨਦੀਪ ਸਿੰਘ ’ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਇਸ ਸਬੰਧੀ ਪੁਲਿਸ ਕੋਲ ਮਾਮਲਾ ਦਰਜ ਹੈ, ਜਿਸ ਦੀ ਜਾਂਚ ਐੱਸਪੀ ਆਪਰੇਸ਼ਨ ਵਰਿੰਦਰਪ੍ਰੀਤ ਸਿੰਘ ਕੋਲ ਹੈ।

ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ : ਜਾਂਚ ਅਧਿਕਾਰੀ

ਇਸ ਸਬੰਧੀ ਜਾਂਚ ਅਧਿਕਾਰੀ ਥਾਣਾ ਘੁਮਾਣ ਦੇ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਕੋਲੋਂ ਜਾਣਕਾਰੀ ਲਈ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

Posted By: Tejinder Thind