ਜਸਵੀਰ ਸਿੰਘ ਵਜੀਦਕੇ , ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਦੇ ਇੱਕ ਨੌਜਵਾਨ ਦੀ ਮਲੇਸ਼ੀਆ 'ਚ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਨੌਜਵਾਨ ਦੀ ਮਲੇਸ਼ੀਆ 'ਚ ਹੋਈ ਮੌਤ ਦੀ ਖ਼ਬਰ ਪਿੰਡ ਪੁੱਜਦਿਆਂ ਹੀ ਸਮੁੱਚੇ ਨਗਰ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਿਲੀ ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਵਿਰਕ (21) ਪੁੱਤਰ ਦਰਸ਼ਨ ਸਿੰਘ ਵਿਰਕ ਵਾਸੀ ਵਜੀਦਕੇ ਖੁਰਦ (ਬਰਨਾਲਾ) ਜੋ ਕਿ 21 ਸਤੰਬਰ 2019 ਨੂੰ ਮਲੇਸ਼ੀਆ ਗਿਆ ਸੀ, ਜਿੱਥੇ ਉਸ ਦੀ ਸਿਰਫ਼ ਚਾਰ ਦਿਨਾਂ ਬਾਅਦ 25 ਸਤੰਬਰ ਨੂੰ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਪਰਗਟ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਗੁਰਜੀਤ ਸਿੰਘ ਵਿਰਕ 21 ਸਤੰਬਰ ਨੂੰ ਮਲੇਸ਼ੀਆ ਗਿਆ ਸੀ, 25 ਸਤੰਬਰ ਨੂੰ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਉਸ ਦੇ ਨਾਲ ਦੇ ਸਾਥੀਆਂ ਨੇ ਉਸ ਨੂੰ ਡਾਕਟਰੀ ਸਹਾਇਤਾ ਲਈ ਉਥੋਂ ਦੇ ਕਿਸੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਗੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਉਸ ਦੇ ਨਾਲ ਰਹਿੰਦੇ ਸਾਥੀਆਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਗਈ। ਇਸ ਮੌਕੇ ਕਾਰਜਕਾਰੀ ਸਰਪੰਚ ਗੋਬਿੰਦ ਸਿੰਘ, ਸੁਰਜੀਤ ਸਿੰਘ ਵਿਰਕ, ਜਥੇਦਾਰ ਜੋਰਾ ਸਿੰਘ ਵਜੀਦਕੇ, ਲਖਵਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ , ਬੇਅੰਤ ਸਿੰਘ ਸਰਾਂ, ਨਾਜ਼ਰ ਸਿੰਘ ਧਾਲੀਵਾਲ, ਬਿੱਕਰ ਸਿੰਘ ਮੰਨਵੀ ਵਾਲੇ, ਪੰਚ ਜਸਵੀਰ ਸਿੰਘ ਗਰੇਵਾਲ, ਪੰਚ ਨਛੱਤਰ ਸਿੰਘ ਸਮੇਤ ਪਿੰਡ ਦੇ ਪਤਵੰਤਿਆ ਨੇ ਕੇਂਦਰ 'ਤੇ ਪੰਜਾਬ ਸਰਕਾਰ ਤੋਂ ਇਲਾਵਾ ਜਿਲ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦੀ ਲਾਸ਼ ਨੂੰ ਘਰ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।

Posted By: Amita Verma