ਸੁਰਿੰਦਰ ਗੋਇਲ, ਸ਼ਹਿਣਾ : ਇਕ ਗਰੀਬ ਪਰਿਵਾਰ ਦੇ ਮਜ਼ਦੂਰ ਨੌਜਵਾਨ ਲਖਵੀਰ ਸਿੰਘ ਪੁੱਤਰ ਜਗਰੂਪ ਸਿੰਘ ਦੀ ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀਣ ਨਾਲ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਦਾ ਅਣਵਿਆਹਿਆ ਪੁੱਤਰ ਲਖਵੀਰ ਸਿੰਘ (29 ਸਾਲ) ਸ਼ਰਾਬ ਪੀਣ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਕੋਠੇ 'ਤੇ ਚੜ੍ਹ੍ਹ ਕੇ ਸਾਡੇ ਤੋਂ ਚੋਰੀ ਸ਼ਰਾਬ ਪੀਣ ਲੱਗ ਪਿਆ ਤੇ ਕੋਠੇ 'ਤੇ ਜਹਿਰੀਲੀ ਦਵਾਈ ਪਈ ਸੀ, ਜਿਸ ਨੂੰ ਸ਼ਰਾਬ ਦੇ ਭੁਲੇਖੇ ਪੀ ਗਿਆ। ਲਖਵੀਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ 'ਚ ਡਿੱਗਾ ਪਿਆ ਦੇਖ ਤਰੁੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਣ ਸਮੇਂ ਰਸਤੇ 'ਚ ਜਾਂਦਿਆਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਸ਼ਹਿਣਾ ਦੇ ਮੁੱਖ ਮੁਨਸ਼ੀ ਭਗਵਾਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਰਨਾਲਾ ਤੋਂ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

Posted By: Tejinder Thind