ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਨਾਜਾਇਜ਼ ਸਬੰਧਾਂ 'ਚ ਰੋੜਾ ਬਣ ਰਹੀ ਪਤਨੀ ਦਾ ਪਤੀ ਵੱਲੋਂ ਸਿਰ 'ਚ ਇੱਟ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਉੱਗੋਕੇ 'ਚ ਸੈਂਬਰ ਸਿੰਘ ਜੋ ਮਿਸਤਰੀ ਦਾ ਕੰਮ ਕਰਦਾ ਹੈ, ਦੇ ਆਪਣੀ ਗੁਆਂਢ 'ਚ ਰਹਿੰਦੀ ਰਣਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਉਹ ਅਕਸਰ ਆਪਣੀ ਪਤਨੀ ਮਨਦੀਪ ਕੌਰ ਨਾਲ ਝਗੜਾ ਕਰਦਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਨੂੰ ਇਸ ਮਾਮਲੇ ਨੂੰ ਲੈ ਕੇ ਹੋਏ ਝਗੜੇ 'ਚ ਸੈਂਬਰ ਸਿੰਘ ਨੇ ਮਨਦੀਪ ਕੌਰ ਦੇ ਸਿਰ 'ਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪਰ ਇਹ ਘਟਨਾ ਘਰ 'ਚ ਹੀ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਿਸ ਨੇ ਮ੍ਰਿਤਕਾ ਦੀ ਦੇਹ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਾਟ 'ਚ ਜਾਂਚ ਲਈ ਰੱਖਵਾ ਦਿੱਤੀ ਹੈ।

ਜ਼ਿਲ੍ਹੇ ਦੇ ਪਿੰਡ ਉੱਗੇਕੇ 'ਚ ਸੈਂਬਰ ਸਿੰਘ ਦਾ ਵਿਆਹ 23 ਸਾਲ ਪਹਿਲਾਂ ਪਿੰਡ ਖੁੱਡੀ ਕਲਾਂ ਨਿਵਾਸੀ ਮਨਦੀਪ ਕੌਰ ਨਾਲ ਹੋਇਆ ਸੀ। ਸੈਂਬਰ ਸਿੰਘ ਦੇ ਚਾਰ ਬੱਚੇ, ਤਿੰਨ ਲੜਕੀਆਂ ਤੇ ਇਕ ਲੜਕਾ ਹੈ।

ਦੱਸਣਯੋਗ ਹੈ ਕਿ ਸੈਂਬਰ ਸਾਲ 2015 'ਚ ਵਿਦੇਸ਼ ਗਿਆ ਸੀ। ਦੋ ਸਾਲ ਊੱਥੇ ਰਹਿਣ ਉਪਰੰਤ ਸਾਲ 2017 'ਚ ਹੀ ਉਹ ਵਾਪਸ ਆਇਆ ਸੀ। ਦੋ ਸਾਲ ਪਹਿਲਾਂ ਉਸ ਦੇ ਆਪਣੇ ਗੁਆਂਢ 'ਚ ਰਹਿਦੀ ਔਰਤ ਰਣਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਕਾਰਨ ਦੋਵਾਂ ਪਤੀ-ਪਤਨੀ 'ਚ ਝਗੜਾ ਰਹਿਣ ਲੱਗ ਗਿਆ। ਇਸੇ ਕਾਰਨ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਸੈਂਬਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Posted By: Amita Verma