ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪਿੰਡ ਨਾਈਵਾਲਾ ਰੋਡ 'ਤੇ ਸਥਿਤ ਫਰੈਂਡਰ ਓਪਨ ਪਲੰਥ, ਲਕਸ਼ਮੀ ਰਾਈਸ ਮਿੱਲ ਤੇ ਸੁਮਨ ਫਲੋਰ ਮਿੱਲ ਵਿਖੇ ਕਣਕ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਤੇ ਐੱਫ਼ਸੀਆਈ ਟੀਮਾਂ ਜਾਂਚ ਲਈ ਸ਼ੈਲਰਾਂ 'ਚ ਪਹੁੰਚੀਆਂ।

ਜ਼ਿਲ੍ਹਾ ਫੂਡ ਕੰਟਰੋਲਰ ਅਤਿੰਦਰ ਕੌਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਫਰੈਂਡਜ਼ ਓਪਨ ਪਲੰਥ ਨਾਈਵਾਲਾ ਰੋਡ 'ਤੇ ਕੁੱਝ ਟਰੱਕਾਂ 'ਚ ਕਣਕ ਭਰ ਕੇ ਲਿਜਾਣ ਸਬੰਧੀ ਆਲ੍ਹਾ ਅਧਿਕਾਰੀਆਂ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੇ ਵਿਜੀਲੈਂਸ ਸੈੱਲ ਤੇ ਐੱਫ਼ਸੀਆਈ ਦੀਆਂ ਟੀਮਾਂ ਜਾਂਚ ਲਈ ਆਈਆਂ ਸਨ।

ਜ਼ਿਕਰਯੋਗ ਹੈ ਕਿ ਫਰੈਂਡਜ ਓਪਨ ਪਲੰਥ 'ਚ ਪਨਗਰੇਨ ਖਰੀਦ ਏਜੰਸੀ ਦੀ ਕਸਟਡੀ 'ਚ ਕੇਂਦਰੀ ਖਰੀਦ ਏਜੰਸੀ ਦੀ ਕਣਕ ਰੱਖੀ ਹੋਈ ਸੀ। 23 ਜੁਲਾਈ ਨੂੰ ਇਸ ਕਣਕ ਸਬੰਧੀ ਇਹ ਮੁੱਦਾ ਉੱਠਿਆ ਸੀ ਕਿ ਆਰਓ ਕਿਸੇ ਹੋਰ ਗੋਦਾਮ ਦਾ ਸੀ, ਗੇਟ ਪਾਸ ਵੀ ਕਟਿੰਗ ਕੀਤੇ ਹੋਏ ਸਨ। ਇਹ ਰੌਲਾ ਪੈ ਜਾਣ ਤੋਂ ਬਾਅਦ 7 ਟਰੱਕਾਂ 'ਚੋਂ 4 ਟਰੱਕ ਫਰੈਂਡਜ਼ ਪਲੰਥ ਤੋਂ ਰਵਾਨਾ ਕਰ ਦਿੱਤੇ ਗਏ ਸਨ ਜਦਕਿ 3 ਟਰੱਕ ਉੱਥੇ ਹੀ ਰੋਕ ਲਏ ਗਏ ਸਨ।

ਇਸ ਸਬੰਧੀ ਜ਼ਿਲ੍ਹਾ ਸਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ 26 ਜੁਲਾਈ ਨੂੰ ਹੋਣ ਵਾਲੀ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ 'ਚ ਚੁੱਕਣਗੇ।

Posted By: Jagjit Singh