ਗੁਰਮੁੱਖ ਸਿੰਘ ਹਮੀਦੀ/ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ: ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਦੋ ਨੌਜਵਾਨਾਂ ਵੱਲੋਂ ਨਸ਼ੇ ਦੀ ਤੋਟ ਕਾਰਨ ਪਿੰਡ ਦੀ ਅਨਾਜ ਮੰਡੀ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਘਟਨਾ ਸਥਾਨ 'ਤੇ ਮੌਜੂਦ ਪੁਲਿਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਬੁੱਟਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਕੀਰਤ ਸਿੰਘ (25) ਪੁੱਤਰ ਬਲਦੇਵ ਸਿੰਘ ਵਾਸੀ ਬੀਹਲਾ ਤੇ ਜਸਵਿੰਦਰ ਸਿੰਘ ਉਰਫ਼ ਜੱਸੂ (20) ਪੁੱਤਰ ਭੁਪਿੰਦਰ ਸਿੰਘ ਉਰਫ਼ ਭੋਲਾ ਵਾਸੀ ਬੀਹਲਾ ਜੋ ਕਿ ਨਸ਼ਾ ਕਰਨ ਦੇ ਆਦੀ ਸਨ। ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ਤੋਟ ਕਾਰਨ ਦੋਵਾਂ ਨੌਜਵਾਨਾਂ ਨੇ ਅਨਾਜ ਮੰਡੀ 'ਚ ਲੱਗੇ ਬਰੋਟੇ ਨਾਲ ਰੱਸੀ ਪਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਮੌਕੇ ਹਾਜ਼ਰ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੌਜਵਾਨਾਂ ਵੱਲੋਂ ਫਾਹਾ ਲੈਣ ਥਾਂ ਤੋਂ ਕੁਝ ਕੁ ਦੂਰੀ ਤੋਂ ਮ੍ਰਿਤਕ ਨੌਜਵਾਨਾਂ ਦੇ ਖੜੇ ਕੀਤੇ ਮੋਟਰਸਾਈਕਲ ਨੇੜੇ ਸ਼ਰਾਬ ਦੀ ਬੋਤਲ, ਸੀਖਾ ਵਾਲੀ ਡੱਬੀ ਆਦਿ ਸਮਾਨ ਵੀ ਮਿਲਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੂੰ ਫਾਹਾ ਲੈਣ ਵਾਲੇ ਬਰੋਟੇ ਥੱਲਿਓ ਸਰਿੰਜ ਵੀ ਮਿਲੀ ਹੈ। ਪੁਲਿਸ ਮੁਖੀ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਨੰਬਰਦਾਰ ਜਸਵੀਰ ਸਿੰਘ ਬੀਹਲਾ, ਹਰਪ੍ਰੀਤ ਸਿੰਘ ਰੰਧਾਵਾ ਅਤੇ ਕਲੱਬ ਪ੍ਰਧਾਨ ਜੀਵਇੰਦਰ ਸਿੰਘ ਕਾਕਾ ਹਾਜਰ ਸਨ।

Posted By: Akash Deep