ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਲੋਕਾਂ ਦੀ ਚਿਰੋਖ਼ਣੀ ਮੰਗ ਸਿਹਤ ਸਹੂਲਤ ਪੱਖੋ ਸਿਵਲ ਹਸਪਤਾਲ ਬਰਨਾਲਾ 'ਚ ਪੂਰੀ ਕਰਦਿਆਂ ਸਾਬਕਾ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀਆਂ 'ਚੋਂ ਕੇਵਲ ਸਿੰਘ ਢਿੱਲੋਂ ਨੇ ਜਿੱਥੇ ਦੋ ਵੈਂਟੀਲੇਟਰ ਭੇਜੇ ਸਨ, ਉੱਥੇ ਹੀ ਉਨ੍ਹਾਂ ਦੋਵੇਂ ਵੈਂਟੀਲੇਟਰਾਂ ਨੂੰ ਬੁੱਧਵਾਰ ਟੈਕਨੀਸੀਅਨਾਂ ਨੂੰ ਬਰਨਾਲਾ ਭੇਜ ਚਾਲੂ ਕਰਵਾ ਦਿੱਤਾ ਹੈ।

ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜ਼ਿਲ੍ਹਾ ਬਰਨਾਲਾ ਲਈ ਜੋ ਵੀ ਐਲਾਣ ਕੀਤਾ, ਉਸ ਨੂੰ ਅਮਲੀ ਜਾਮਾਂ ਪਹਿਣਾਉਣ 'ਚ ਉਨ੍ਹਾਂ ਕਦੇ ਢਿੱਲ ਨਹੀਂ ਕੀਤੀ, ਚਾਹੇ ਜ਼ਿਲ੍ਹਾ ਤੇ ਸ਼ਹਿਰ ਬਰਨਾਲਾ ਦੇ ਵਿਕਾਸ ਦੀ ਗੱਲ ਹੋਵੇ, ਜਾਂ ਸਿੱਖਿਆ ਦੀ ਗੱਲ ਹੋਵੇ, ਹੁਣ ਵਿਸ਼ਵ 'ਚ ਛਾਏ ਕੋਰੋਨਾ ਦੇ ਕਾਲੇ ਬੱਦਲਾਂ 'ਚੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਸਹੂਲਤ ਦੀ ਛਤਰੀ ਅਤਿ ਜਰੂਰੀ ਸੀ। ਜਿਸ ਲਈ ਉਨ੍ਹਾਂ ਮਾਹਰ ਡਾਕਟਰਾਂ ਨਾਲ ਰਾਬਤਾ ਕਰਦਿਆਂ ਜ਼ਿਲ੍ਹਾ ਵਾਸੀਆਂ ਦੀ ਵੈਂਟੀਲੇਟਰ ਮੰਗ ਨੂੰ ਪੂਰਾ ਕੀਤਾ ਹੈ, ਉਨ੍ਹਾਂ ਕੋਰੋਨਾ ਦੇ ਕਹਿਰ ਤੋਂ ਬਚਨ ਲਈ ਲੋਕਾਂ ਨੂੰ ਘਰ 'ਚ ਹੀ ਸੁਰੱਖਿਅਤ ਰਹਿਣ ਦੀ ਜਿੱਥੇ ਅਪੀਲ ਕੀਤੀ ਉੱਥੇ ਹੀ ਸਿਵਲ ਹਸਪਤਾਲ ਬਰਨਾਲਾ 'ਚ ਡਾਕਟਰਾਂ ਨੂੰ ਹਰ ਲੋੜੀਂਦੀ ਡਾਕਟਰੀ ਕਿੱਤੇ ਨਾਲ ਸਬੰਧਤ ਸਮੱਗਰੀ ਮੁਹੱਇਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਦੀ ਹਰ ਪੱਖੋਂ ਮੱਦਦ ਕਰਨ ਲਈ ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਨਾਲ ਵੀ ਫੋਨ 'ਤੇ ਰਾਬਤਾ ਕਰਦਿਆਂ ਜ਼ਿਲ੍ਹੇ ਦੇ ਬਚਾਓ ਪੱਖ ਤੇ ਰਾਹਤ ਸਬੰਧੀ ਵੀ ਵਿਚਾਰ ਚਰਚਾ ਕੀਤੀ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾ. ਗੁਰਇੰਦਰਬੀਰ ਸਿੰਘ ਨਾਲ ਉਨ੍ਹਾਂ ਰਾਬਤਾ ਕਾਇਮ ਕਰਦਿਆਂ ਟੈਕਨੀਸੀਅਨਾਂ ਨੂੰ ਬੁਲਾ ਕੇ ਜਿੱਥੇ ਵੈਟੀਲੈਟਰ ਚਾਲੂ ਕਰਵਾਏ ਹਨ, ਉੱਥੇ ਹੀ ਉਨ੍ਹਾਂ ਨੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਜਾਂਚ ਟੈਸਟਾਂ ਦੀ ਰਿਪੋਰਟ 'ਚ ਤੇਜੀ ਲਿਆਉਣ ਤੇ ਇਲਾਜ ਦੌਰਾਨ ਸਾਵਧਾਨੀਆਂ ਵਰਤਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ ਵਿਦੇਸ਼ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਫੈਲਣ ਦੇ ਮੱਦੇਨਜ਼ਰ ਉਨ੍ਹਾਂ ਨੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਵੈਂਟੀਲੇਟਰ ਲਈ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕਰਕੇ ਹੈਲਥ ਵਿਭਾਗ ਦੇ ਡਾਇਰੈਕਟਰ ਤੋਂ ਸਿਵਲ ਹਸਪਤਾਲ ਬਰਨਾਲਾ ਲਈ ਦੋ ਵੈਂਟੀਲੇਟਰ ਮੁਹੱਈਆ ਕਰਵਾਉਂਦਿਆਂ ਚਾਲੂ ਕਰਵਾਏ। ਢਿੱਲੋਂ ਦੇ ਇਸ ਕਾਰਜ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਵਾਸੀਆਂ ਤੇ ਕਾਂਗਰਸੀ ਆਗੂ ਤੇ ਵਰਕਰਾਂ ਨੇ ਖੂਬ ਲਾਘਾ ਕੀਤੀ।

Posted By: Jagjit Singh