ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ-ਬਠਿੰਡਾ ਕੌਮੀ ਮੁੱਖ ਮਾਰਗ `ਤੇ ਤਪਾ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ `ਚ ਦੋ ਕਾਰ ਸਵਾਰਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਸਣੇ ਪੰਜ ਜਣੇ ਗੰਭੀਰ ਰੂਪ `ਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ, ਕੌਮੀ ਮਾਰਗ `ਤੇ ਬਣੇ ਓਵਰਬ੍ਰਿਜ਼ `ਤੇ ਬਰਨਾਲਾ ਤੋਂ ਇਕ ਭੋਗ ਸਮਾਗਮ ਤੋਂ ਵਾਪਸ ਪਰਤਦਿਆਂ ਮਲੋਟ ਨੇੜੇ ਪਿੰਡ ਘਰੋੜ ਨੂੰ ਜਾਂਦਿਆਂ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸਾ ਐਨਾ ਜਬਰਦਸਤ ਸੀ ਕਿ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਜਿਸ ਕਾਰਨ ਕਾਰ `ਚ ਸਵਾਰ ਦੋ ਵਿਅਕਤੀਆਂ ਜਗਸੀਰ ਸਿੰਘ ਉਰਫ਼ ਜੱਗੀ ਤੇ ਵੀਰਾ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ ਜਦਕਿ ਕਾਰ `ਚ ਸਵਾਰ ਸ਼ਿੰਦੋ, ਸੀਮਾ, ਮਨਜੀਤ, ਲੱਖੀ ਸਣੇ ਬੱਚਾ ਰਾਮਲਾਲ ਗੰਭੀਰ ਰੂਪ `ਚ ਜ਼ਖ਼ਮੀ ਹੋ ਗਏ।

ਘਟਨਾ ਦਾ ਪਤਾ ਲੱਗਦਿਆਂ ਹੀ ਸਰਕਾਰੀ ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਘਟਨਾ ਸਥਾਨ `ਤੇ ਪੁੱਜੀਆਂ ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਸਥਾਨ `ਤੇ ਪੁਲਿਸ ਵੀ ਪੁੱਜੀ। ਪੁਲਿਸ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ `ਚ ਲਿਆ। ਸੜਕ ਹਾਦਸੇ ਦਾ ਪਤਾ ਲੱਗਦਿਆਂ ਹੀ ਜਿੱਥੇ ਸਿਵਲ ਹਸਪਤਾਲ ਦਾ ਸਿਹਤ ਅਮਲਾ ਜ਼ਖ਼ਮੀਆਂ ਦੀ ਸੰਭਾਲ ਲਈ ਪੂਰੀ ਤਰ੍ਹਾਂ ਤਤਪਰ ਵਿਖਾਈ ਦੇ ਰਿਹਾ, ਉੱਥੇ ਪੁਲਿਸ ਵਲੋਂ ਵੀ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਪਰਕ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Posted By: Jagjit Singh