ਪੱਤਰ ਪ੍ਰੇਰਕ, ਤਪਾ ਮੰਡੀ : ਤਪਾ ਨੇੜਲੇ ਪਿੰਡ ਮੌੜ ਨਾਭਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਮੋੜ ਨਾਭਾ ਦਾ ਟਰੱਕ ਡਰਾਈਵਰ ਗੁਰਮੇਲ ਸਿੰਘ (58) ਪੁੱਤਰ ਦਰਬਾਰਾ ਸਿੰਘ ਗਿਆਰਾਂ ਹਜ਼ਾਰ ਵੋਲਟੇਜ ਦੇ ਕਰੰਟ ਵਾਲੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਗੁਰਮੇਲ ਸਿੰਘ ਦੇ ਪੁੱਤਰ ਅਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਿਤਾ ਗੁਰਮੇਲ ਸਿੰਘ (58) ਸ਼ਾਮ ਕਰੀਬ ਸੱਤ ਵਜੇ ਤਪਾ ਮੰਡੀ 'ਚ ਕਣਕ ਦੀ ਸਪੈਸ਼ਲ ਤੋਂ ਵਾਪਸ ਆਪਣੇ ਪਿੰਡ ਮੋੜ ਨਾਭਾ ਘਰ ਆ ਰਿਹਾ ਸੀ। ਪਿੰਡ ਮੋੜ ਨਾਭਾ ਦੀ ਲਿੰਕ ਸੜਕ ਤੋਂ ਲੰਘਦੀਆਂ ਗਿਆਰਾਂ ਹਜ਼ਾਰ ਵੋਲਟੇਜ ਦੀਆਂ ਤਾਰਾਂ ਨਾਲ ਉਸ ਦੇ ਪਿਤਾ ਗੁਰਮੇਲ ਸਿੰਘ ਵੱਲੋਂ ਲਿਆਂਦੀ ਜਾ ਰਹੀ ਐੱਲਟੀ ਗੱਡੀ 'ਤੇ ਲੱਗੀ ਲੋਹੇ ਦੀ ਪਾਈਪ ਛੋਹ ਗਈ, ਜਿਸ ਕਾਰਨ ਉਸ ਦੇ ਪਿਤਾ ਗੁਰਮੇਲ ਸਿੰਘ ਗੰਭੀਰ ਰੂਪ 'ਚ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਏ। ਰੌਲਾ ਪੈਣ 'ਤੇ ਨੇੜਲੇ ਖੇਤਰ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਜ਼ਖ਼ਮੀ ਗੁਰਮੇਲ ਸਿੰਘ ਨੂੰ ਲੱਗੇ ਗਿਆਰਾਂ ਹਜ਼ਾਰ ਵੋਲਟੇਜ ਕਰੰਟ ਤੋਂ ਬਾਅਦ ਤਪਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਲਿਆਂਦਾ। ਉੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਜ਼ਖ਼ਮੀ ਟਰੱਕ ਡਰਾਈਵਰ ਗੁਰਮੇਲ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀ ਗੁਰਮੇਲ ਸਿੰਘ ਦਾ ਭਰਾ ਬਿੱਕਰ ਸਿੰਘ, ਸੰਤਪੁਰਾ ਸਰਪੰਚ ਸੁਖਵਿੰਦਰ ਸਿੰਘ, ਜਗਰਾਜ ਸਿੰਘ, ਯਾਦਵਿੰਦਰ ਸਿੰਘ, ਦਰਸ਼ਨ ਸਿੰਘ, ਲਛਮਣ ਸਿੰਘ ਤੋਂ ਇਲਾਵਾ ਪਿੰਡ ਮੌੜ ਨਾਭਾ ਅਤੇ ਸੰਤਪੁਰਾ ਕੋਠੇ ਦੇ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।

Posted By: Seema Anand