ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਵਿਖੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਵਿਅਕਤੀ ਦੇ ਘਰ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਾਖ਼ਲ ਹੋ ਕੇ ਅਲਮਾਰੀ ਦੇ ਜਿੰਦਰੇ ਤੋੜ ਕੇ ਅੱਠ ਤੋਲੇ ਸੋਨਾ ਅਤੇ ਢਾਈ ਲੱਖ ਰੁਪਏ ਨਕਦੀ ਚੋਰੀ ਕਰਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁਖੀ ਮੋਹਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਦੋ ਵਜੇ ਦੇ ਕਰੀਬ ਅਣਪਛਾਤੇ ਚੋਰਾਂ ਵੱਲੋਂ ਕਿਸਾਨ ਸਰਬਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਬੁੱਟਰਾਂ ਵਾਲੇ ਵਾਸੀ ਮੂੰਮ ਦੇ ਘਰ ਅੰਦਰ ਦਾਖਲ ਹੋ ਕੇ ਕੋਠੀ ਅੰਦਰੋਂ ਪੇਟੀ ਅਤੇ ਅਲਮਾਰੀ ਦੇ ਜਿੰਦਰੇ ਤੋੜ ਕੇ ਸਾਮਾਨ ਦੀ ਫਰੋਲਾ-ਫਰਾਲੀ ਕਰ ਕੇ ਅਲਮਾਰੀ ਅੰਦਰ ਪਿਆ 8 ਤੋਲੇ ਸੋਨਾ ਅਤੇ ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਘਰ ਦੇ ਪਰਿਵਾਰਕ ਮੈਂਬਰ ਰਾਤ ਸਮੇਂ ਵਿਹੜੇ ਅੰਦਰ ਸੁੱਤੇ ਪਏ ਸਨ। ਉਨ੍ਹਾਂ ਕਿਹਾ ਕਿ ਘਰ ਦੇ ਮਾਲਕ ਸਰਬਜੀਤ ਸਿੰਘ ਵਾਸੀ ਮੂੰਮ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

Posted By: Seema Anand