ਯਾਦਵਿੰਦਰ ਸਿੰਘ ਭੁੱਲਰ\ਮਨਿੰਦਰ ਸਿੰਘ, ਬਰਨਾਲਾ : ਸਥਾਨਕ ਧਨੌਲਾ ਰੋਡ ਸਾਹਮਣੇ ਦਸਮੇਸ਼ ਨਗਰ ’ਚ ਇਕ ਮੋਬਾਈਲ ਦੀ ਦੁਕਾਨ ’ਤੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕਰੀਬ 1.15 ਵਜੇ ਇਹ ਘਟਨਾ ਕੈਮਰੇ ’ਚ ਕੈਦ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਸ਼ਹਿਰ ਦੀਆਂ ਕਈ ਦੁਕਾਨਾਂ ਤੋਂ ਮੋਬਾਈਲ ਰਿਪੇਅਰ ਹੋਣ ਲਈ ਆਏ ਹੋਏ ਸਨ, ਜਿਨ੍ਹਾਂ ਦੀ ਕੁੱਲ ਕੀਮਤ ਤਕਰੀਬਨ ਡੇਢ ਤੋਂ ਦੋ ਲੱਖ ਰੁਪਏ ਸੀ। ਉਨ੍ਹਾਂ ’ਚੋਂ ਕੁਝ ਮੋਬਾਈਲਾਂ ਦੇ ਆਈਐੱਮਈਆਈ ਨੰਬਰਾ ਦੀ ਜਾਣਕਾਰੀ ਦੁਕਾਨ ਮਾਲਿਕ ਨੇ ਪੁਲਿਸ ਨੂੰ ਦੇ ਦਿੱਤੀ ਹੈ। ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਦੁਕਾਨ ਅੰਦਰ ਢਾਈ ਲੱਖ ਰੁਪਏ ਦੀ ਮੋਬਾਈਲ ਰਿਪੇਅਰ ਕਰਨ ਵਾਲੀ ਮਸ਼ੀਨ ਲੱਗੀ ਹੋਈ ਸੀ, ਚੋਰਾਂ ਵੱਲੋਂ ਉਸ ਦਾ ਮੇਨ ਪੁਰਜ਼ਾ ਕੱਢ ਲਿਆ ਗਿਆ ਹੈ। ਦੁਕਾਨ ਦੇ ਪਿੱਛੇ ਖੁੱਲ੍ਹਾ ਪਲਾਟ ਹੈ ਜਿਸ ਦੇ ਨਾਲ ਦੋ ਦੁਕਾਨਾਂ ਲੱਗਦੀਆਂ ਹਨ। ਪਹਿਲਾਂ ਚੋਰਾਂ ਵੱਲੋਂ ਕਿਸੇ ਹੋਰ ਦੁਕਾਨ ਦੀ ਦੀਵਾਰ ਤੋੜੀ ਗਈ। ਜਦੋਂ ਚੋਰਾਂ ਨੇ ਦੇਖਿਆ ਕਿ ਇਹ ਮੋਬਾਈਲ ਦੀ ਦੁਕਾਨ ਨਹੀਂ ਹੈ ਤਾਂ ਚੋਰਾਂ ਵੱਲੋਂ ਫਿਰ ਤੋਂ ਇਕ ਹੋਰ ਕੋਸ਼ਿਸ਼ ਕਰਕੇ ਦੂਸਰੀ ਦੀਵਾਰ ਤੋੜੀ ਗਈ ਜੋ ਮੋਬਾਈਲਾਂ ਵਾਲੀ ਦੁਕਾਨ ’ਚ ਨਿਕਲਦੀ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਹੋਈ। ਦੁਕਾਨ ਮਾਲਕਾਂ ਨੂੰ ਸਵੇਰੇ ਤਕਰੀਬਨ 6 ਵਜੇ ਇਸ ਸਾਰੀ ਘਟਨਾ ਦਾ ਪਤਾ ਚੱਲਿਆ। ਉਪਰੰਤ ਦੁਕਾਨ ਮਾਲਕਾਂ ਵੱਲੋਂ ਥਾਣਾ ਸਿਟੀ 2 ਵਿਖੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ (ਡੀ) ਜਗਜੀਤ ਸਿੰਘ ਸਰੋਆ, ਡੀਐੱਸਪੀ ਲਖਵੀਰ ਸਿੰਘ ਟਿਵਾਣਾ, ਥਾਣਾ ਸਿਟੀ 2 ਦੇ ਮੁਖੀ ਸਬ ਇੰਸਪੈਕਟਰ ਜਗਦੇਵ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਇਸ ਮੌਕੇ ਡੀਐੱਸਪੀ ਲਖਵੀਰ ਟਿਵਾਣਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਕਿਸੇ ਵੀ ਹਾਲ ’ਚ ਬਖਸ਼ਿਆ ਨਹੀਂ ਜਾਵੇਗਾ।

Posted By: Sarabjeet Kaur