ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬਰਨਾਲਾ ਵਿਖੇ ਪਹਿਲੀ ਆਮਦ ਤੇ ਰੱਖੇ ਸਮਾਗਮ ਦੌਰਾਨ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਹੀ ਰੌਲ਼ਾ ਪੈ ਗਿਆ। ਹੋਇਆ ਇਹ ਕਿ ਪ੍ਰਧਾਨਗੀ ਮੰਡਲ ਵਿੱਚ ਖਾਸ ਮਹਿਮਾਨਾਂ ਲਈ ਲਾਏ ਸੋਫਿਆਂ 'ਤੇ ਮਹਿਲਾ ਵਿੰਗ ਦੀਆਂ ਬੀਬੀਆਂ ਬੈਠ ਗਈਆਂ ਅਤੇ ਇੱਕ ਸਾਈਡ ਵਾਲੇ ਸੋਫੇ 'ਤੇ ਬਿਰਾਜਮਾਨ ਬੀਬੀਆਂ ਨੂੰ ਉਠਾਉਣ ਲਈ ਸਮਾਗਮ ਦੇ ਪ੍ਰਬੰਧਕਾਂ ਅੰਦਰ ਕਾਫੀ ਸਮਾਂ ਚੱਲੀ ਘੁਸਰ-ਮੁਸਰ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਬੀਬੀਆਂ ਨੂੰ ਸੋਫੇ ਖਾਲੀ ਕਰਕੇ ਸਾਹਮਣੇ ਪੰਡਾਲ 'ਚ ਲੱਗੀਆਂ ਕੁਰਸੀਆਂ 'ਤੇ ਬੈਠਣ ਲਈ ਕਿਹਾ ਤਾਂ ਆਪਣੀ ਤੌਹੀਨ ਮਹਿਸੂਸ ਕਰਦਿਆਂ ਬਠਿੰਡਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਜੋਤ ਕੌਰ ਤੇ ਰਾਜਿੰਦਰ ਕੌਰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਬੀਬੀਆਂ ਸਮਾਗਮ ਦਾ ਬਾਈਕਾਟ ਕਰਕੇ ਬਾਹਰ ਚਲੀਆਂ ਗਈਆਂ।

ਪਤਾ ਲੱਗਣ 'ਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਯੂਥ ਆਗੂ ਗੁਰਕੀਮਤ ਸਿੰਘ ਸਿੱਧੂ ਵਲੋਂ ਜਾ ਕੇ ਬੀਬੀਆਂ ਨੂੰ ਵਾਪਸ ਲਿਆਂਦਾ। ਬੀਬੀਆਂ ਦੇ ਇਸੇ ਗੁੱਸੇ ਨੂੰ ਜ਼ਾਹਿਰ ਕਰਦਿਆਂ ਬਰਨਾਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਖਜੀਤ ਕੌਰ ਸੁੱਖੀ ਵਲੋਂ ਸਟੇਜ ਤੋਂ ਪ੍ਰਬੰਧਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਬਾਅਦ ਵਿੱਚ ਮੰਚ ਤੋਂ ਬੋਲਣ ਵਾਲੇ ਸਾਰੇ ਹੀ ਬੁਲਾਰੇ ਵਾਰ ਵਾਰ ਮਾਫ਼ੀ ਮੰਗਦੇ ਰਹੇ।

Posted By: Jagjit Singh