ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਆਮ ਆਦਮੀ ਪਾਰਟੀ ਦੀ ਸਰਕਾਰ ’ਚ ਇਹ ਪਹਿਲੀ ਦਫ਼ਾ ਹੋਇਆ ਕਿ ਸੀਆਈਏ ਸਟਾਫ਼ ਦੀ ਗ੍ਰਿਫਤ ’ਚੋਂ ਵਿਸ਼ਵ ਦੇ ਚਰਚਿਤ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗੈਂਗਸਟਰ ਭੱਜ ਗਿਆ। ਇਹ ਸਰਕਾਰ ਤੇ ਪੰਜਾਬ ਪੁਲਿਸ ’ਤੇ ਵੱਡਾ ਸਵਾਲੀਆ ਚਿੰਨ੍ਹ ਹੈ। ਇਹ ਸ਼ਬਦ ਸੰਗਰੂਰ ਲੋਕ ਸਭਾ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਦੇ ਰੈਸਟ ਹਾਊਸ ਵਿਖੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸੀਆਈਏ ਸਟਾਫ ’ਚੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਗੈਂਗਸਟਰ ਫ਼ਰਾਰ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸੂਬੇ ਭਰ ’ਚ ਜੱਗ ਜ਼ਾਹਿਰ ਹੋ ਜਾਂਦੀ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਜਥੇਬੰਦੀ ਦੇ ਬਜ਼ੁਰਗ ਆਗੂ ਬਾਰੇ ਕਦੇ ਵੀ ਕੋਈ ਟਿੱਪਣੀ ਨਹੀਂ ਕੀਤੀ, ਪਰ ਉਸ ਵੱਲੋਂ ਮੇਰੀ ਪਾਰਟੀ ਜਾਂ ਮੇਰੇ ਪ੍ਰਤੀ ਬੋਲੇ ਗਏ ਸ਼ਬਦਾਂ ਦਾ ਅਸੀਂ ਜਵਾਬ ਦਿੱਤਾ ਹੈ ਤੇ ਪੂਰੇ ਪੰਜਾਬ ’ਚ ਉਸਦੀ ਜਥੇਬੰਦੀ ’ਚੋਂ ਸਿੱਖ ਤੇ ਕਿਸਾਨ ਨੌਜਵਾਨ ਤੇ ਹੋਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਸਦੀ ਪਾਰਟੀ ਨੂੰ ਅਲਵਿਦਾ ਆਖ਼ ਉਸਦੇ ਦਿੱਤੇ ਬਿਆਨ ਦਾ ਖ਼ੁਦ ਹੀ ਜਵਾਬ ਦੇ ਰਹੇ ਹਨ।

ਭਾਈ ਅੰਮ੍ਰਿਤਪਾਲ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੇ ਹੋਰ ਦਲਦਲਾਂ ’ਚੋਂ ਕੱਢ ਅੰਮ੍ਰਿਤ ਛਕਾ ਗੁਰੂ ਨਾਲ ਜੋੜ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਭਾਜਪਾ ਤੇ ਕਾਂਗਰਸ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਕੋਈ ਖ਼ਤਰਾ ਨਹੀਂ, ਸਾਨੂੰ ਚੀਨ ਤੋਂ ਖ਼ਤਰਾ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਦੇਸ਼ ਦਾ ਕਾਫ਼ੀ ਹਿੱਸਾ ਚੀਨ ਨੂੰ ਪਹਿਲਾਂ ਤੋਂ ਹੀ ਸਿਰੰਡਰ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ, ਹਲਕਾ ਮਹਿਲ ਕਲਾਂ ਦੇ ਇੰਚਾਰਜ ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ ਖੁੱਡੀ, ਤਹਿਸੀਲਦਾਰ ਬਰਨਾਲਾ ਦਿਵਿਆ ਸਿੰਗਲਾ, ਬਲਦੇਵ ਸਿੰਘ ਸਿੱਧੂ ਆਦਿ ਹਾਜ਼ਰ ਸਨ।

Posted By: Jagjit Singh