ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਖੇਤ ਵਾਲੀ ਮੋਟਰ ਦੇ ਕੋਠੇ ਵਿਚੋਂ 19 ਸਾਲਾ ਇਕ ਮੁੰਡੇ ਦੀ ਸਿਰ ਕੱਟੀ ਹੋਈ ਲਾਸ਼ ਮਿਲੀ ਹੈ। ਇਸ ਘਟਨਾ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਜ਼ਿਲ੍ਹੇ ਦੇ ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਉੱਪਲੀ ਦੀ ਹੈ। ਇੱਕ ਮੁੰਡਾ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਉਮਰ 19 ਸਾਲ ਜੋਕਿ ਬੀਤੀ 2 ਤਰੀਕ ਤੋਂ ਘਰੋਂ ਲਾਪਤਾ ਸੀ। ਉਹ ਖੇਤ ਪਿੰਡ ਦੇ ਗੁਰਮੁਖ ਅਤੇ ਅਵਤਾਰ ਦੇ ਖੇਤ ਦੀ ਮੋਟਰ ਉੱਤੋਂ ਉਸ ਦੀ ਲਾਸ਼ ਮਿਲੀ ਹੈ।

ਸ਼ਾਮ ਨੂੰ ਕਰੀਬ 4 ਵਜੇ ਜਦੋਂ ਕੁਝ ਵਿਅਕਤੀ ਮੋਟਰ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਮੋਟਰ ਦੇ ਅੰਦਰੋਂ ਕੁਝ ਕੋਠੇ ਦੇ ਅੰਦਰੋਂ ਗਲੇ ਹੋਏ ਮਾਸ ਦਾ ਮੁਸ਼ਕ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਜਦੋਂ ਪਿੰਡ ਵਾਲਿਆਂ ਨੇ ਕੁੰਡਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਅੰਦਰ ਇੱਕ ਗਲੀ ਹੋਈ ਲਾਸ਼ ਪਈ ਸੀ। ਜਿਸ ਦਾ ਸਿਰ ਧੜ ਤੋਂ ਅਲੱਗ ਸੀ। ਇਸ ਦੀ ਜਾਣਕਾਰੀ ਫੋਰਨ ਪੁਲਸ ਨੂੰ ਦਿੱਤੀ ਗਈ। ਪੁਲਸ ਮੌਕੇ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਕਿਉਂ ਹੋਇਆ।

ਕੁੱਝ ਪਿੰਡ ਵਾਲੇ ਦੱਸ ਰਹੇ ਹਨ ਕਿ ਲੜਕੇ ਨੇ ਅੰਦਰ ਫਾਹਾ ਲਿਆ ਹੋ ਸਕਦਾ ਹੈ। ਲਗਾਤਾਰ ਪੰਦਰਾਂ ਦਿਨ ਲਾਸ਼ ਲਟਕਣ ਤੋਂ ਬਾਅਦ ਗਲੇ ਕੋਲੋ ਗਲਣ ਕਰਕੇ ਉਸਦਾ ਸਿਰ ਅਤੇ ਧੜ ਅਲੱਗ ਹੋ ਗਏ। ਲੇਕਿਨ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਤਲ ਹੋ ਸਕਦਾ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਡੀਐੱਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਹੈ। ਜਿਸ ਤਰ੍ਹਾਂ ਦੇ ਪਰਿਵਾਰ ਬਿਆਨ ਦੇਵੇਗਾ ਅਤੇ ਜਿਸ ਤਰ੍ਹਾਂ ਹੋਈ ਜਾਂਚ ਵਿਚ ਗੱਲ ਸਾਹਮਣੇ ਆਵੇਗੀ ਉਸ ਤਰ੍ਹਾਂ ਦੀ ਕਾਰਵਾਈ ਅੱਗੇ ਕੀਤੀ ਜਾਵੇਗੀ।

Posted By: Jagjit Singh