ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਬੀਤੇ ਦਿਨੀਂ ਸਥਾਨਕ ਜੰਡਾਂ ਵਾਲੇ ਰੋਡ 'ਤੇ ਬਾਵਾ ਬੱਸ ਦੇ ਮਾਲਕ 'ਤੇ ਰਾਤ ਨੂੰ ਹੋਏ ਘਰ 'ਤੇ ਅਣਪਛਾਤਿਆਂ ਨੇ ਹਮਲਾ ਕਰਕੇ ਜਿੱਥੇ ਬਾਹਰੀ ਗੇਟਾਂ ਦੀ ਭੰਨਤੋੜ ਕੀਤੀ ਉੱਥੇ ਹੀ ਪਰਿਵਾਰ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ। ਭਾਵੇਂ ਉਨ੍ਹਾਂ ਨੇ ਕੰਟਰੋਲ ਰੂਮ 100 ਨੰਬਰ 'ਤੇ ਮੱਦਦ ਦੀ ਗੁੁਹਾਰ ਲਗਾਉਂਦਿਆਂ ਬਰਨਾਲਾ ਪੁਲਸ ਕੋਲ ਪਹੁੰਚ ਕੀਤੀ, ਪਰ ਮੌਕੇ 'ਤੇ ਪੁੱਜੀ ਪੀਸੀਆਰ ਦੀ ਟੀਮ ਵੱਲੋਂ ਭਾਵੇਂ ਉਸ ਪਰਿਵਾਰ ਦੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਤਾਂ ਬਚਾਅ ਕਰ ਲਿਆ ਪਰ ਅਗਲੇ ਦਿਨ ਸਿਟੀ ਥਾਣਾ ਬਰਨਾਲਾ ਦੀ ਪੁਲਿਸ ਨੇ ਪੀੜਤ ਪਰਿਵਾਰ 'ਤੇ ਹੀ ਪਰਚਾ ਦਰਜ ਕਰਕੇ ਜਿਸ ਤਰ੍ਹਾਂ ਹਮਲਾਵਰਾਂ ਦਾ ਬਿਨਾਂ ਜਾਂਚ ਕੀਤਿਆਂ ਪੱਖ ਪੂਰਿਆ ਉਸ ਤੇ ਵੀ ਬਾਵਾ ਬੱਸ ਦੇ ਮਾਲਕ ਬਲਵਿੰਦਰ ਸਿੰਘ ਨਾਲ ਸਿਆਸੀ ਆਗੂਆਂ ਤੇ ਬਰਨਾਲਾ ਦੀਆਂ ਹੋਰ ਬਹੁਪੱਖੀ ਸ਼ਖ਼ਸੀਅਤਾਂ ਨੇ ਬਰਨਾਲਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ।

ਹੋਇਆ ਇੰਜ ਕਿ 25 ਫਰਵਰੀ ਦੇ ਦਿਨ ਇਕ ਧਾਰਮਿਕ ਸਮਾਗਮ ਦੌਰਾਨ ਬਾਵਾ ਬੱਸ ਦੇ ਮਾਲਕ ਬਲਵਿੰਦਰ ਸਿੰਘ ਦੇ ਨੌਜਵਾਨ ਪੁੱਤਰ ਜਸ਼ਨ ਨਾਲ ਵਰਿੰਦਰ ਕੁਮਾਰ ਉਰਫ ਬੱਬੂ ਤੇ ਤੇਜਪਾਲ ਨਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਮਾਮੂਲੀ ਜਿਹੀ ਤਕਰਾਰ ਹੋ ਗਈ ਪਰ ਦੇਰ ਰਾਤ ਵਰਿੰਦਰ ਕੁਮਾਰ ਉਰਫ ਬੱਬੂ ਨੇ ਆਪਣੇ ਦੱਸ ਪੰਦਰਾਂ ਸਾਥੀਆਂ ਸਮੇਤ ਬਾਵਾ ਬੱਸ ਦੇ ਮਾਲਕ ਬਲਵਿੰਦਰ ਸਿੰਘ ਦੇ ਘਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਭਾਵੇਂ ਇਸ ਹਮਲੇ ਤੋਂ ਆਂਢ-ਗੁਆਂਢ ਅਤੇ ਮੌਕੇ 'ਤੇ ਪੁੱਜੀ ਬਰਨਾਲਾ ਪੁਲਿਸ ਦੀ ਪੀਸੀਆਰ ਟੀਮ ਨੇ ਜਾਨੀ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਪਰ ਉਨ੍ਹਾਂ ਦੇ ਘਰ ਲੱਗੇ ਬਾਹਰੀ ਦਰਵਾਜ਼ਿਆਂ ਦੀ ਭੰਨ ਤੋੜ ਕਰਨ ਵਿੱਚ ਇਹ ਹੁੱਲੜਬਾਜ਼ ਸਫਲ ਰਹੇ।

ਘਰ 'ਤੇ ਹੋਏ ਜਾਨਲੇਵਾ ਹਮਲੇ ਦੀ ਦਰਖਾਸਤ ਲੈ ਕੇ ਬਲਵਿੰਦਰ ਸਿੰਘ ਜਿੱਥੇ ਸਿਟੀ ਥਾਣਾ ਇੱਕ ਵਿਚ ਗੇੜੇ ਕੱਢਦੇ ਰਹੇ ਉੱਥੇ ਹੀ ਦਿਨ ਚੜ੍ਹੇ ਉਨ੍ਹਾਂ ਦੇ ਪੁੱਤਰ ਜਸ਼ਨ ਨਾਲ ਵਰਿੰਦਰ ਕੁਮਾਰ ਉਰਫ ਬੱਬੂ ਦੀ ਮੁੜ ਤੋਂ ਝੜਪ ਹੋ ਗਈ। ਜਿਸ 'ਤੇ ਬਰਨਾਲਾ ਸਿਟੀ ਥਾਣੇ ਦੀ ਪੁਲਿਸ ਨੇ ਪਲ ਭਰ ਵਿਚ ਹਮਲਾ ਹੋਣ ਦੀ ਦਰਖਾਸਤ ਚੱਕੀ ਫਿਰਦੇ ਬਾਵਾ ਬੱਸ ਮਾਲਕ ਦੇ ਲੜਕੇ 'ਤੇ ਮਾਮਲਾ ਦਰਜ ਕਰਕੇ ਮੁਦਈ ਨੂੰ ਹੀ ਮੁਲਜ਼ਮ ਬਣਾ ਦਿੱਤਾ, ਭਾਵੇਂ ਇਹ ਮਾਮਲਾ ਕਿਸੇ ਸਿਆਸੀ ਦਬਾਅ ਅਧੀਨ ਕੀਤਾ ਗਿਆ ਪਰ ਬਰਨਾਲਾ ਪੁਲਿਸ ਵੱਲੋਂ ਇਸ ਦੀ ਬਿਨਾਂ ਜਾਂਚ ਕੀਤਿਆਂ ਕਾਰਵਾਈ ਕਰਨ 'ਤੇ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਘਰ ਤੇ ਹੋਏ ਹਮਲੇ ਸੰਬੰਧੀ ਵੀ ਹਮਲਾਵਰਾਂ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇ।

ਜਦੋਂ ਇਸ ਸੰਬੰਧੀ ਉਪ ਕਪਤਾਨ ਪੁਲਿਸ ਲਖਵੀਰ ਸਿੰਘ ਟਿਵਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ 'ਤੇ ਹੀ ਕਰਾਸ ਪਰਚਾ ਹੋਵੇਗਾ, ਪਰ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੇਲ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਹੋਰ ਮਾਮਲੇ 'ਚ ਉਲਝਿਆ ਹੋਇਆ ਹਾਂ, ਮੈਂ ਇਸ ਦੀ ਜਾਂਚ ਕਰਕੇ ਫਿਰ ਦੇਖਾਂਗਾ ਕਿ ਕਿਸ ਧਿਰ 'ਤੇ ਜੁਰਮ 'ਚ ਵਾਧਾ ਕਰਨਾ ਹੈ ਜਾਂ ਮਾਮਲਾ ਦਰਜ ਕਰਨਾ ਹੈ।

Posted By: Jagjit Singh