ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ 'ਚ ਦਿਨ-ਬ-ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਰ ਬਿਨਾਂ ਕਿਸੇ ਡਰ ਤੋਂ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ। ਅਜਿਹੀ ਹੀ ਇਕ ਲੁੱਟ-ਖੋਹ ਦੀ ਘਟਨਾ ਤਪਾ ਦੇ ਰੂਪ ਚੰਦ ਰੋਡ 'ਤੇ ਪੁਲਿਸ ਚੌਕੀ ਨੇੜੇ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਪੀੜ੍ਹਤ ਔਰਤ ਸੁਨੀਤਾ ਰਾਣੀ ਵਾਸੀ ਰੂਪ ਚੰਦ ਰੋਡ ਤਪਾ ਨੇ ਦੱਸਿਆ ਕਿ ਜਦ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਕਰੀਬ 5 ਵਜੇ ਸੈਰ ਕਰਦੀ ਹੋਈ ਪੁਲਿਸ ਚੌਕੀ ਨੇੜੇ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ 'ਚੋਂ ਇਕ ਨੇ ਉੱਤਰ ਕੇ ਪੁਲਿਸ ਚੌਕੀ ਨੇੜੇ ਬਣੇ ਮੰਦਿਰ ਦੀ ਦਹਿਲੀਜ਼ 'ਤੇ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਉਸ ਵੱਲ ਵਧਿਆ ਤੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲ਼ੀਆਂ ਖਿੱਚ ਕੇ ਲੈ ਗਿਆ। ਉਸ ਦੇ ਦੋਨੋਂ ਕੰਨ ਪਾੜ ਗਏ। ਔਰਤ ਨੇ ਲੁਟੇਰਿਆਂ ਦਾ ਪਿੱਛੋਂ ਮੋਟਰਸਾਈਕਲ ਵੀ ਖਿੱਚਿਆ। ਉਸ ਦਾ ਨੰਬਰ ਨੋਟ ਕਰ ਲਿਆ। ਔਰਤ ਦੇ ਰੌਲਾ ਪਾਉਣ 'ਤੇ ਆਉਂਦੇ-ਜਾਂਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਉਨ੍ਹਾਂ ਇਸ ਘਟਨਾ ਸਬੰਧੀ ਤਪਾ ਪਿਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

Posted By: Seema Anand