ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ 'ਚ ਪਿਛਲੇ ਦਿਨੀਂ ਪਿੰਡ ਜਲੂਰ ਦੇ ਪੰਚਾਇਤ ਘਰ ਚ ਨਸ਼ੇ ਦੀਆਂ ਸਰਿੰਜਾਂ ਤੇ ਹੋਰ ਨਸ਼ੇ ਸਬੰਧੀ ਮਿਲੇ ਸਾਮਾਨ ਨੇ ਜਿੱਥੇ ਬਰਨਾਲਾ ਪੁਲਿਸ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਸੀ ਉੱਥੇ ਹੀ ਹੁਣ ਪਿੰਡ ਦੇ ਕੋਟ ਦੁੰਨਾ ਦੇ ਇੱਕ ਗੁਰਸਿੱਖ ਨੌਜਵਾਨ ਨੇ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਸਣੇ ਥਾਣਾ ਮੁਖੀ 'ਤੇ ਨਸ਼ਾ ਵੇਚਣ ਦੇ ਦੋਸ਼ ਲਗਾ ਦਿੱਤੇ ਹਨ।

ਗੁਰਸਿੱਖ ਨੌਜਵਾਨ ਜਸਮੇਲ ਸਿੰਘ ਨੇ ਪੰਜਾਬੀ ਜਾਗਰਣ ਦੇ ਦਫ਼ਤਰ ਪੁੱਜ ਕੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿੰਡ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਉਰਫ਼ ਸਰਬਾ ਪਿੰਡ ਵਿੱਚ ਹੀ ਨਹੀਂ ਬਲਕਿ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ਾ ਸਪਲਾਈ ਕਰਕੇ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿੱਚ ਸੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਸਾਰਾ ਮਾਮਲਾ ਛੇ ਜੂਨ ਨੂੰ ਪਿੰਡ ਪੁੱਜੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ 'ਚ ਲਿਆ ਚੁੱਕੇ ਹਨ ਪਰ ਵੀਹ ਦਿਨ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਕਿਸੇ ਵੀ ਹਰਕਤ ਵਿੱਚ ਨਹੀਂ ਆਇਆ, ਸਗੋਂ ਇਸ ਗੱਲ ਤੋਂ ਖਫ਼ਾ ਹੋ ਕੇ ਥਾਣਾ ਧਨੌਲਾ ਦੇ ਥਾਣਾ ਮੁਖੀ ਹਾਕਮ ਸਿੰਘ ਨੇ ਉਨ੍ਹਾਂ ਨੂੰ ਥਾਣੇ ਬੁਲਾ ਕੇ ਉਸ ਦੇ ਮੋਬਾਈਲ 'ਚੋਂ ਸਰਪੰਚ ਦੀਆਂ ਰਿਕਾਰਡ ਕੀਤੀਆਂ ਨਸ਼ਾ ਵੇਚਦੇ ਦੀਆਂ ਵੀਡੀਓ ਅਤੇ ਵੀਡੀਓ ਕਾਲਾਂ ਸਮੇਤ ਉਸ ਦਾ ਸਾਰਾ ਡਾਟਾ ਮੋਬਾਈਲ 'ਚੋਂ ਡਿਲੀਟ ਕਰ ਦਿੱਤਾ।

ਨੌਜਵਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਸ ਹਾਕਮ ਕੋਲ ਉਹ ਨਸ਼ਾ ਤਸਕਰ ਸਰਪੰਚ ਖਿਲਾਫ ਇਕੱਠੇ ਕਰਕੇ ਸਬੂਤ ਲੈ ਕੇ ਗਏ ਸਨ ਉਸ ਹਾਕਮ ਨੇ ਹੀ ਨਸ਼ਾ ਤਸਕਰ ਦੀ ਮਦਦ ਕਰਦਿਆਂ ਸਾਡੇ ਵੱਲੋਂ ਇਕੱਠੇ ਕੀਤੇ ਸਬੂਤ ਮੋਬਾਈਲ 'ਚੋਂ ਡਿਲੀਟ ਕਰ ਦਿੱਤੇ ਤੇ ਸਾਨੂੰ ਹੀ ਉਲਟਾ ਧਮਕੀਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਉਪ ਕਪਤਾਨ ਪੁਲਿਸ ਰਾਜੇਸ਼ ਕੁਮਾਰ ਛਿੱਬਰ ਨੂੰ ਵੀ ਮਿਲੇ ਸਨ ਪਰ ਪੁਲਿਸ ਦੇ ਆਲਾ ਅਧਿਕਾਰੀ ਨੇ ਵੀ ਮੁੜ ਘੁੜ ਬੋਤੀ ਬੋਹੜ ਥੱਲੇ ਕਰਦਿਆਂ ਉਸੇ ਥਾਣਾ ਮੁਖੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਜਿਸ ਦੇ ਖ਼ਿਲਾਫ਼ ਅਸੀਂ ਉਸ ਕੋਲ ਫਰਿਆਦ ਲੈ ਕੇ ਆਏ ਸੀ ।ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਬਰਨਾਲਾ ਦੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਮੁਖੀਆਂ ਦੇ ਦਰਬਾਰ ਚ ਨਸ਼ਾ ਵੇਚਣ ਵਾਲੇ ਸਰਪੰਚ ਅਤੇ ਉਸ ਦੀ ਮਦਦ ਕਰਨ ਵਾਲੇ ਥਾਣਾ ਧਨੌਲਾ ਦੇ ਮੁਖੀ ਖਿਲਾਫ ਜਿੱਥੇ ਫ਼ਰਿਆਦ ਕਰ ਚੁੱਕੇ ਹਨ ਉੱਥੇ ਉਨ੍ਹਾਂ ਨੂੰ ਹਾਲੇ ਤੱਕ ਨਸ਼ੇ ਦੀ ਦਲਦਲ 'ਚੋਂ ਨੌਜਵਾਨਾਂ ਨੂੰ ਬਚਾਉਣ ਦਾ ਕੋਈ ਵੀ ਉਪਰਾਲਾ ਨਹੀਂ ਦੇਖ ਰਿਹਾ। ਉਨ੍ਹਾਂ ਪਿੰਡ ਦੇ ਕੁਝ ਹੋਰ ਨੌਜਵਾਨਾਂ ਦਾ ਸਾਥ ਲੈ ਕੇ ਪੁਲਸ ਦੇ ਆਲਾ ਅਧਿਕਾਰੀਆਂ ਦੇ ਦਰਬਾਰ ਇਹ ਮਾਮਲਾ ਲਿਜਾਣ ਬਾਰੇ ਕਿਹਾ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਗੇ ।


ਮੇਰੇ ਸਿਆਸੀ ਕੈਰੀਅਰ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ : ਸਰਪੰਚ

ਪਿੰਡ ਕੋਟ ਦੁੰਨਾ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਉਰਫ਼ ਸਰਬਾ ਨੇ ਦੱਸਿਆ ਕਿ ਉਹ ਇੱਕ ਦਲਿਤ ਪਰਿਵਾਰ ਤੋਂ ਚੋਣ ਲੜਕੇ ਸਰਪੰਚ ਬਣਿਆ ਹੈ ਜਦਕਿ ਪਿੰਡ ਵਿੱਚ ਸਰਪੰਚ ਲਈ ਜਨਰਲ ਕੋਟਾ ਸੀ ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਸਰਪੰਚ ਚੁਣਿਆ ਚੁਣਿਆ ਹੈ ਜੋ ਧੜੱਲੇਦਾਰ ਜਨਰਲ ਆਗੂ ਚੋਣ ਹਾਰੇ ਹਨ ਉਹ ਮੇਰੇ ਸਿਆਸੀ ਕੈਰੀਅਰ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਵਿੱਚ ਉਹ ਕਦੇ ਵੀ ਸਫਲ ਨਹੀਂ ਹੋਣਗੇ । ਉਹ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੇ ਹਮੇਸ਼ਾ ਖਿਲਾਫ ਹੈ ਤੇ ਖਿਲਾਫ ਰਹੇਗਾ ।


ਗੁਰਸਿੱਖ ਹੋ ਕੇ ਬੋਲਦਾ ਕੋਰਾ ਝੂਠ : ਥਾਣਾ ਮੁਖੀ

ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਹਾਕਮ ਸਿੰਘ ਨੇ ਆਪਣੇ ਤੇ ਲੱਗੇ ਅਤੇ ਸਰਪੰਚ ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਇਹ ਨੌਜਵਾਨ ਭਾਵੇਂ ਗੁਰਸਿੱਖ ਬਾਣੇ 'ਚ ਹੈ ਪਰ ਇਹ ਕੋਰਾ ਝੂਠ ਬੋਲਦਾ ਹੈ। ਸਿਆਸਤ ਤੋਂ ਪ੍ਰੇਰਿਤ ਹੀ ਇਹ ਸਰਪੰਚ ਨਾਲ ਨਿੱਜੀ ਰੰਜ਼ਿਸ਼ ਹੋਣ ਕਾਰਨ ਉਸ 'ਤੇ ਨਿੱਜੀ ਦੋਸ਼ ਲਾ ਰਿਹਾ ਹੈ। ਥਾਣਾ ਮੁਖੀ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵੇਚਣ ਤੇ ਨਸ਼ਾ ਵੇਚਣ ਵਾਲੇ ਦੀ ਮਦਦ ਕਰਨਾ ਕਾਨੂੰਨੀ ਜੁਰਮ ਹੈ ਉਹ ਖੁਦ ਤਾਂ ਕਿ ਉਹ ਕਿਸੇ ਹੋਰ ਨੂੰ ਵੀ ਅਜਿਹਾ ਨਹੀਂ ਕਰਨ ਦੇਣਗੇ ।


ਜ਼ਿਲ੍ਹੇ 'ਚ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਾਂਗੇ : ਐੱਸਐੱਸਪੀ

ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਣਗੇ ।

Posted By: Jagjit Singh