ਗੁਰਮੁੱਖ ਸਿੰਘ ਹਮੀਦੀ /ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਥਾਣਾ ਠੁੱਲੀਵਾਲ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਨੰਗਲ ਵਿਖੇ ਇੱਕ ਸਕੂਟਰੀ ਦੇ ਬੇਕਾਬੂ ਹੋ ਕੇ ਦਰਖ਼ਤ 'ਚ ਵੱਜਣ ਕਾਰਨ ਭਿਆਨਕ ਹਾਦਸਾ ਹੋ ਗਿਆ ਹੈ। ਸਕੂਟਰੀ ਚਾਲਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਤੇ ਪਿੱਛੇ ਬੈਠੇ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਲੋਹਾ ਪਿਘਲਾਉਣ ਵਾਲੀ ਭੱਠੀ 'ਚ ਧਮਾਕੇ ਤੋਂ ਬਾਅਦ ਫੈਕਟਰੀ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਮਜ਼ਦੂਰ

ਇਸ ਮੌਕੇ ਮ੍ਰਿਤਕ ਵਿਅਕਤੀ ਦੇ ਵੱਡੇ ਭਰਾ ਜਗਜੀਤ ਸਿੰਘ ਵਾਸੀ ਨੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਸ਼ਾਮ 8 ਵਜੇ ਦੇ ਕਰੀਬ ਮੇਰਾ ਛੋਟਾ ਭਰਾ ਲਵਦੀਪ ਸਿੰਘ 29 ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਨੰਗਲ ਜੋ ਕਿ ਆਪਣੇ ਪਿੰਡ ਤੋਂ ਸਕੂਟਰੀ 'ਤੇ ਸਵਾਰ ਹੋ ਕੇ ਸਾਬਕਾ ਸਰਪੰਚ ਦਲਜਿੰਦਰਜੋਤ ਸਿੰਘ ਨਾਲ ਪਿੰਡ ਠੁੱਲੇਵਾਲ ਵਿਖੇ ਕਿਸੇ ਕੰਮ ਲਈ ਗਏ ਹੋਏ ਸੀ। ਜਦੋਂ ਉਹ ਵਾਪਸ ਪਿੰਡ ਠੁੱਲੇਵਾਲ ਤੋਂ ਨੰਗਲ ਨੂੰ ਆ ਰਹੇ ਸੀ ਤਾਂ ਰਸਤੇ 'ਚ ਪਿੰਡ ਠੁੱਲ੍ਹੇਵਾਲ ਤੋਂ ਨੰਗਲ ਨੂੰ ਆਉਂਦੀ ਸੜਕ ਉੱਪਰ ਸਕੂਟਰੀ ਦੇ ਅਚਾਨਕ ਬੇਕਾਬੂ ਹੋ ਜਾਣ ਕਾਰਨ ਸੜਕ ਕਿਨਾਰੇ ਖੜ੍ਹੀ ਟਹਾਲੀ ਦੇ ਦਰਖ਼ਤ 'ਚ ਵੱਜਣ ਤੋਂ ਬਾਅਦ ਲਵਦੀਪ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਪਿੱਛੇ ਬੈੱਠੇ ਸਾਬਕਾ ਸਰਪੰਚ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਇਸ ਘਟਨਾ ਸਬੰਧੀ ਪਿੰਡ ਨੰਗਲ ਤੇ ਠੁੱਲੇਵਾਲ ਦੇ ਗੁਰੂ ਘਰਾਂ 'ਚ ਅਨਾਊਂਸਮੈਂਟ ਕਰਨ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਉੱਥੇ ਡਾਕਟਰਾਂ ਨੇ ਸਾਬਕਾ ਸਰਪੰਚ ਦਲਜਿੰਦਰਜੋਤ ਸਿੰਘ ਦੀ ਜ਼ਿਆਦਾ ਹਾਲਤ ਗੰਭੀਰ ਹੁੰਦੀ ਦੇਖਦਿਆਂ ਡੀਐਮਸੀ ਲੁਧਿਆਣਾ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਥਾਣਾ ਠੁੱਲੀਵਾਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Posted By: Amita Verma