ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਦੁਨੀ ਭਰ 'ਚ ਫੈਲੇ ਕੋਰੋਨਾ ਵਾਇਰਸ ਦੀ ਰੋਥਕਾਮ ਲਈ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਅੰਦਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪਰ ਇਸ ਦਾ ਅਸਰ ਲੋੜਵੰਦ ਲੋਕਾਂ 'ਤੇ ਬਹੁਤ ਜਿਆਦਾ ਪੈ ਰਿਹਾ ਹੈ।

ਸਰਕਾਰ ਨੇ ਘਰਾਂ ਅੰਦਰ ਬੰਦ ਰਹਿਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਰੋਜ਼ਾਨਾ ਕਮਾਈ ਕਰਕੇ ਘਰਾਂ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਆਪਣੀ ਦੋ ਡੰਗ ਦੀ ਰੋਟੀ ਲਈ ਵੀ ਵਿਰਵੇ ਹੋਣਾ ਪੈ ਰਿਹਾ ਹੈ। ਜਿਸ ਤਹਿਤ ਸਥਾਨਕ ਜੰਡਾ ਵਾਲਾ ਰੋਡ 'ਤੇ ਸਥਿਤ ਲੋੜਵੰਦ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮਜ਼ਦੂਰਾਂ ਗੁਰਮੇਲ ਕੌਰ, ਪਰਮ ਕੌਰ, ਦਲਜੀਤ ਕੌਰ, ਫੌਜਨ ਆਦਿ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੀ ਉਹ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਰੋਜ ਹੀ ਕਮਾਉਂਦੇ ਸਨ ਤੇ ਜਿਨ੍ਹੀ ਕਮਾਈ ਹੁੰਦੀ ਸੀ ਉਸ ਨਾਲ ਆਪਣਾ ਗੁਜਾਰੇ ਕਰ ਲੈਂਦੇ ਸੀ। ਪਰ ਕਰਫਿਊ ਦੇ ਚਲਦਿਆਂ ਸਾਰਾ ਕੰਮ ਬੰਦ ਹੋ ਗਿਆ ਹੈ ਤੇ ਉਹ ਹੁਣ ਘਰਾਂ 'ਚ ਬੈਠੇ ਭੁੱਖੇ ਮਰ ਰਹੇ ਹਨ। ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਕੋਈ ਮੱਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਘਰਾਂ 'ਚ ਆਟਾ,ਦਾਲਾਂ, ਖੰਡ ਆਦਿ ਰਾਸਨ ਦਾ ਸਮਾਨ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਹੈ ਤੇ ਉਹ ਤੇ ਉਨ੍ਹਾਂ ਦੇ ਬੱਚੇ ਭੁੱਖੇ ਮਰ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਮੰਗ ਕੀਤੀ ਕਿ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਇਆ ਕਰਵਾਇਆ ਜਾਵੇ, ਜੇਕਰ ਉਨ੍ਹਾਂ ਨੂੰ ਰਾਸ਼ਨ ਨਾ ਮਿਲਿਆ ਤਾਂ ਉਹ ਕੋਰੋਨਾ ਤੋਂ ਪਹਿਲਾਂ ਭੁੱਖੇ ਨਾਲ ਮਰ ਜਾਣਗੇ।

ਅਸੀਂ ਭੁੱਖੇ ਮਰ ਰਹੇ ਹਾਂ : ਮਜ਼ਦੂਰ


ਪੀੜਤ ਮਜ਼ਦੂਰ ਮੇਵਾ ਸਿੰਘ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਲਗਾਏ ਕਰਫਿਊ ਨੇ ਲੋੜਵੰਦ ਲੋਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਘਰਾਂ 'ਚ ਰਾਸ਼ਨ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਹੈ ਜੇਕਰ ਸਾਨੂੰ ਰਾਸ਼ਨ ਨਾ ਮਿਲਿਆ ਤਾਂ ਉਹ ਭੱਖੇ ਹੀ ਮਰ ਜਾਣਗੇ।


ਮੁਹੱਲੇ 'ਚ ਨਹੀਂ ਵੰਡੇ ਗਏ ਮਾਸਕ ਤੇ ਨਾ ਹੀ ਹੋਇਆ ਸੈਨੀਟਾਈਜ਼ਰ ਦਾ ਛਿੜਕਾ

ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਥਾਨਕ ਜੰਡਾ ਵਾਲੇ ਰੋਡ 'ਤੇ 25 ਤੋਂ 30 ਦੇ ਕਰੀਬ ਪਰਿਵਾਰ ਰਹਿਦੇ ਹਨ ਜਿਨ੍ਹਾਂ ਦੇ ਦੱਸਣ ਮੁਤਾਬਿਕ ਪ੍ਰਸ਼ਾਸਨ ਵਲੋਂ ਅਜੇ ਤੱਕ ਮੁਹੱਲੇ 'ਚ ਕੋਈ ਸੈਨੀਟਾਈਜ਼ਰ ਦਾ ਛਿੜਕਾ ਨਹੀਂ ਹੋਇਆ ਤੇ ਨਾ ਹੀ ਮਾਸਕਾਂ ਦੀ ਵੰਡ ਕੀਤੀ ਗਈ ਹੈ।

ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਗੱਲਬਾਤ ਕੀਤੀ ਕਿ ਤਾਂ ਉਨ੍ਹਾਂ ਕਿਹਾ ਕਿ ਅੱਜ ਸ਼ਹਿਰ 'ਚ ਫ਼ਲ, ਸਬਜੀਆਂ ਆਦਿ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਜੰਡਾ ਵਾਲੇ ਰੋਡ 'ਤੇ ਵੀ ਲੋੜਵੰਦਾਂ ਨੂੰ ਸ਼ਾਮ ਤੱਕ ਖਾਣਾ ਤੇ ਖਾਣੇ ਦੀ ਸਮੱਗਰੀ ਭੇਜ ਦਿੱਤੀ ਜਾਵੇਗੀ। ਲੋੜਵੰਦਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਰਫਿਊ 'ਚ ਲੋਕ ਸਹਿਯੋਗ ਕਰਨ ਰਾਸਨ ਦਾ ਪ੍ਰਬੰਧ ਖੁਦ ਸਰਕਾਰ ਕਰ ਰਹੀ ਹੈ।

Posted By: Jagjit Singh