ਸਟਾਫ਼ ਰਿਪੋਰਟਰ, ਬਰਨਾਲਾ : ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਦੇ 29ਵੇਂ ਦਿਨ ਬੁੱਧਵਾਰ ਸਫ਼ਾਈ ਸੇਵਕਾਂ ਨੇ ਸ਼ਹਿਰ ਦੇ ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ, ਕੱਚਾ ਕਾਲਜ ਰੋਡ ਤੋਂ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਸਫ਼ਾਈ ਸੇਵਕ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬਹੁਤ ਘੱਟ ਤਨਖ਼ਾਹ 'ਤੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਕੈਪਟਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨਾਲ ਸਫ਼ਾਈ ਸੇਵਕ ਯੂਨੀਅਨ ਦੀ ਮੀਟਿੰਗ ਰੱਖੀ ਗਈ ਸੀ, ਜੋਕਿ ਬੇਸਿੱਟਾ ਰਹੀ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀ ਹੁੰਦੀਆਂ, ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।

ਉਨ੍ਹਾਂ ਕਿਹਾ ਸੂਬੇ ਭਰ ਦੇ ਸਫ਼ਾਈ ਸੇਵਕਾਂ ਵਲੋਂ 15 ਜੂਨ ਨੂੰ ਮੋਤੀ ਮਹਿਲ ਦਾ ਿਘਰਾਓ ਕੀਤਾ ਜਾਵੇਗਾ ਤੇ ਹੜਤਾਲ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਵਿੱਕੀ ਵਾਲਮੀਕਿ, ਬਿੱਟੂ ਰਾਮਪੁਰਾ, ਸਤਨਾਮ ਸਿੰਘ ਧਨੌਲਾ, ਭੋਲਾ ਸਿੰਘ ਤਪਾ, ਮੋਹਨ ਲਾਲ, ਰਾਹੁਲ ਕੁਮਾਰ, ਅਨਿਲ ਸਰਸਵਲ, ਰਾਮਸ਼ੇ ਕੁਮਾਰ ਗੁੱਡੋ, ਦੀਪਕ ਕਾਂਗੜਾ ਤੇ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਸਫ਼ਾਈ ਕਾਮੇ ਹਾਜ਼ਰ ਸਨ।