ਕਰਮਜੀਤ ਸਿੰਘ ਸਾਗਰ, ਧਨੌਲਾ : ਨੇੜਲੇ ਪਿੰਡ ਬਡਬਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਡੀਪੀਈ ਮੈਡਮ ਪਰਮਜੀਤ ਕੌਰ ਦੀ ਬਦਲੀ ਨੂੰ ਲੈ ਕੇ ਪੰਚਾਇਤ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਰਲ਼ ਕੇ ਸਕੂਲ ਨੂੰ ਜਿੰਦਾ ਲਾ ਦਿੱਤਾ ਹੈ। ਉਨ੍ਹਾਂ ਅਧਿਆਪਕਾ ਦੀ ਬਦਲੀ ਰੋਕਣ ਦੀ ਮੰਗ ਕੀਤੀ ਹੈ। ਸਰਪੰਚ ਸੁਖਵੰਤ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਨੀਲੂ, ਸੁਖਵਿੰਦਰ ਸਿੰਘ, ਕਿਸਾਨ ਯੂਨੀਅਨ ਦੇ ਬਲਦੇਵ ਸਿੰਘ, ਜਵਾਲਾ ਸਿੰਘ, ਗੁਰਮੁੱਖ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ, ਜੀਵਨ ਕੁਮਾਰ, ਜਸਵੀਰ ਸਿੰਘ ਫ਼ੌਜੀ ਆਦਿ ਨੇ ਦੱਸਿਆ ਕਿ ਇਸ ਮੈਡਮ ਦੀ ਕਾਰਗੁਜ਼ਾਰੀ ਸਦਕਾ ਸਕੂਲ ਦੀਆਂ ਵਿਦਿਆਰਥਣਾਂ ਖੇਡਾਂ 'ਚ ਨੈਸ਼ਨਲ ਲੈਵਲ 'ਤੇ ਸਿਲੈਕਟ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਪੰਜ ਵਿਦਿਆਰਥਣਾਂ ਪਹਿਲਾਂ ਹੀ ਸਟੇਟ ਲੈਵਲ 'ਤੇ ਖੇਡ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਉਹ ਸਾਰੇ ਬਦਲੀ ਰੋਕਣ ਲਈ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕਿਸੇ ਨੇ ਅਜੇ ਤਕ ਬਾਤ ਨਹੀਂ ਸੁਣੀ ਜਿਸ ਕਰਕੇ ਅੱਜ ਉਹ ਕਦਮ ਚੁੱਕਣਾ ਪਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਧਰਨਾ ਨਹੀਂ ਚੁੱਕਣਗੇ। ਬੱਚਿਆਂ ਦਾ ਜੋ ਨੁਕਸਾਨ ਹੋ ਰਿਹਾ ਉਸ ਲਈ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।

ਇਸ ਸਬੰਧੀ ਜਦੋਂ ਡੀਓ ਬਰਨਾਲਾ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਹ ਜਲਦੀ ਹੀ ਉੱਚ ਅਧਿਕਾਰੀਆਂ ਦੇ ਧਿਆਨ 'ਚ ਮਾਮਲਾ ਲਿਆ ਕੇ ਹੱਲ ਕਰਵਾਉਣਗੇ।

Posted By: Seema Anand