ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਮਾਨਸਾ ਤੋਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ (Sidhu Moose Wala) ਨੂੰ ਵਿਧਾਨ ਸਭਾ ਚੋਣ ਹਰਾ ਕੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੈ ਸਿੰਗਲਾ (Vijay Singla) ਨੂੰ ਭਾਵੇਂ ਪੰਜਾਬ ਸਰਕਾਰ (Punjab Govt) ਵਿੱਚ ਸਿਹਤ ਮੰਤਰੀ ਬਣਾ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਸੀ ਪਰ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਕੈਬਨਿਟ 'ਚੋਂ ਬਰਖਾਸਤ ਕਰ ਦਿੱਤਾ। ਫਿਰ ਕੇਸ ਦਰਜ ਕਰਨ ਦੇ ਹੁਕਮਾਂ ਤੋਂ ਬਾਅਦ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਉਪਰੰਤ ਸਿੱਧੂ ਮੂਸੇਵਾਲੇ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਖਿਲਾਫ਼ ਤਨਜ਼ ਕੱਸਿਆ ਹੈ। ਉਨ੍ਹਾਂ ਪੋਸਟ ਪਾਈ ਹੈ ਕਿ ਬਾਬਾ ਕਹਿੰਦਾ ਸੀ...ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ...ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ...। ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ 'ਤੇ ਇਹ ਪੋਸਟ ਮਾਨਸਾ ਜ਼ਿਲ੍ਹੇ 'ਚ ਹੀ ਨਹੀਂ ਪੂਰੇ ਪੰਜਾਬ ਵਿੱਚ ਵਾਇਰਲ ਹੋ ਰਹੀ ਹੈ। ਚੋਣ ਜਿੱਤ ਕੇ ਡਾ. ਵਿਜੇ ਸਿੰਗਲਾ ਨੇ ਮਾਨਸਾ ਸ਼ਹਿਰ 'ਚ 5911 ਨੂੰ ਆਇਸ਼ਰ ਟਰੈਕਟਰ ਨਾਲ ਖਿੱਚ ਕੇ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਕਿਰਕਿਰੀ ਕੀਤੀ ਸੀ, ਅੱਜ ਸਿੱਧੂ ਮੂਸੇਵਾਲਾ ਦੇ ਸਮਰਥਕ ਵੀ ਸੋਸ਼ਲ ਮੀਡੀਆ 'ਤੇ ਆਇਸ਼ਰ ਟਰੈਕਟਰ ਦੀਆਂ ਪੋਸਟਾਂ ਪਾ ਕੇ ਸਿੰਗਲਾ ਦੀ ਕਿਰਕਿਰੀ ਕਰ ਰਹੇ ਹਨ।

Posted By: Seema Anand