ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜੀ ਦਾ ਦਾਅਵਾ ਠੋਕਣ ਲਈ ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾ ਵੱਲੋਂ ਮੰਗਲਵਾਰ ਤਪਾ ਮੰਡੀ ਿਢੱਲਵਾਂ ਰੋਡ 'ਤੇ ਕੀਤੀ ਪ੫ੈੱਸ ਕਾਨਫਰੰਸ ਦੌਰਾਨ ਨਿੰਮਾ ਦੇ ਸੱਦੇ 'ਤੇ ਆਏ ਕਾਂਗਰਸੀ ਵਰਕਰਾਂ ਵੱਲੋਂ ਸ਼ਰੇਆਮ ਭੁੱਕੀ ਦਾ ਸੇਵਨ ਕਰਨ ਦੀ ਘਟਨਾ ਦੀ ਚਰਚਾ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੀ ਹਰਕਤ 'ਚ ਆਈ। ਤਪਾ ਦੇ ਡੀਐਸਪੀ ਤੇਜਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸਾਂ 'ਤੇ ਪੁਲਿਸ ਪਾਰਟੀ ਨੇ ਪ੫ੈੱਸ ਕਾਨਫਰੰਸ ਵਾਲੀ ਥਾਂ 'ਤੇ ਧਾਵਾ ਬੋਲਿਆ। ਸਹਾਇਕ ਥਾਣੇਦਾਰ ਜਗਸੀਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਰਸੋਈ 'ਚ ਪਈ ਹਰ ਚੀਜ ਦੀ ਡੂੰਘਾਈ ਨਾਲ ਛਾਣ-ਬੀਨ ਕੀਤੀ ਤੇ ਸਾਰੀ ਜਗ੍ਹਾ ਦੀ ਪੂਰੀ ਗੰਭੀਰਤਾ ਨਾਲ ਤਲਾਸੀ ਵੀ ਲਈ। ਪੁਲਿਸ ਪਾਰਟੀ ਨੂੰ ਮੌਕੇ ਤੋਂ ਭਾਵੇਂ ਕੁੱਝ ਬਰਾਮਦ ਨਹੀਂ ਹੋਇਆ ਪਰ ਸੱਤਾਧਾਰੀ ਪਾਰਟੀ ਦੇ ਇਕ ਸੀਨੀਅਰ ਆਗੂ ਦੀ ਹਾਜ਼ਰੀ 'ਚ ਵਰਕਰਾਂ ਵੱਲੋਂ ਸ਼ਰੇਆਮ ਨਸ਼ੇ ਦਾ ਸੇਵਨ ਕਰਨਾ ਪਾਰਟੀ ਲਈ ਨਮੋਸ਼ੀ ਦੀ ਗੱਲ ਬਣਿਆ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ 'ਚੋਂ ਨਸ਼ਾ ਮੁਕਤੀ ਲਈ ਹੰਭਲਾ ਮਾਰ ਰਹੇ ਹਨ ਪਰ ਹੇਠਲੇ ਪੱਧਰ 'ਤੇ ਕਾਂਗਰਸੀ ਆਗੂਆਂ ਵੱਲੋਂ ਨਸ਼ਾ ਵੰਡਿਆ ਜਾ ਰਿਹਾ ਹੈ। ਇਹ ਸਾਰਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੇ ਧਿਆਨ 'ਚ ਹੋਣ ਕਾਰਨ ਸਥਾਨਕ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।