ਸੁਰਿੰਦਰ ਗੋਇਲ, ਸ਼ਹਿਣਾ : ਸੋਮਵਾਰ ਸਵੇਰੇ ਕਰੀਬ 11 ਵਜੇ ਵਰ੍ਹਦੇ ਮੀਂਹ 'ਚ ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਦੀ ਪੰਚਾਇਤੀ ਤੇ ਪਿੰਡ ਵਾਸੀ ਸਰਪੰਚ ਅੰਗਰੇਜ ਸਿੰਘ ਦੀ ਅਗਵਾਈ ਹੇਠ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ ਹਨ, ਜਦਕਿ ਵੱਡੀ ਗਿਣਤੀ ਪਿੰਡ ਵਾਸੀ ਟੈਂਕੀ ਹੇਠਾਂ ਇਕੱਤਰ ਹੋ ਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਭਗਤਪੁਰਾ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ਦੀ ਵੰਡ ਸਬੰਧੀ ਚੱਲ ਰਹੇ ਰੇੜਕੇ ਦੀ ਅਧਿਕਾਰੀ ਵਰਗ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਸਰਪੰਚ ਅੰਗਰੇਜ ਸਿੰਘ, ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ, ਪੰਚ ਰਾਜਿੰਦਰ ਸਿੰਘ, ਪੰਚ ਬੂਟਾ ਸਿੰਘ, ਪੰਚ ਗੁਰਤੇਜ ਸਿੰਘ, ਪੰਚ ਮੱਘਰ ਰਾਮ ਆਦਿ ਨੇ ਦੱਸਿਆ ਕਿ ਪਿੰਡ ਭਗਤਪੁਰਾ ਮੌੜ ਦੀ ਪੰਚਾਇਤੀ ਜ਼ਮੀਨ ਦੀ ਵੰਡ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ 28 ਜੁਲਾਈ 2005 ਨੂੰ ਜਾਰੀ ਪੱਤਰ ਨੰਬਰ 718 ਅਨੁਸਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੌੜ ਨਾਭਾ ਦੀ ਪੰਚਾਇਤ ਤੇ ਸੈਕਟਰੀ ਵਲੋਂ ਪਿੰਡ ਭਗਤਪੁਰਾ ਮੌੜ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬਿਨਾਂ ਪ੍ਰਵਾਨਗੀ ਕਰਵਾ ਕੇ ਬੋਲੀਕਾਰ ਨੂੰ ਠੇਕੇ 'ਤੇ ਦੇ ਕੇ ਡਾਇਰੈਕਟਰ ਦੇ ਉਕਤ ਜਾਰੀ ਪੱਤਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤੇ ਪਿੰਡ ਭਗਤਪੁਰਾ ਮੌੜ ਦੀ ਪੰਚਾਇਤ ਦਾ ਆਰਥਿਕ ਪੱਖੋਂ ਵੱਡਾ ਨੁਕਸਾਨ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਲੰਘੀ ਪਿਛਲੇ ਮਹੀਨੇ 6 ਜੂਨ ਨੂੰ ਬੀਡੀਪੀਓ, ਏਡੀਸੀ ਵਿਕਾਸ ਤੇ ਡੀਸੀ ਨੂੰ ਦਰਖ਼ਾਸਤ ਦੇ ਕੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀਆਂ ਨੇ ਕਰੀਬ ਡੇਢ ਮਹੀਨਾ ਬੀਤਣ ਉਪਰੰਤ ਵੀ ਕੋਈ ਕਾਰਵਾਈ ਕਰਨ ਦੀ ਬਜਾਏ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ 'ਤੇ ਸਿਰਫ਼ ਡੰਗ ਟਪਾਉਣ ਲਈ ਭਰੋਸਾ ਦਿੰਦੇ ਰਹੇ ਜਦਕਿ ਕਾਰਵਾਈ ਸਿਰਫ ਖਾਨਾਪੂਰਤੀ ਤਕ ਸੀਮਤ ਹੋਈ ਹੈ।

Posted By: Seema Anand