ਕਰਮਜੀਤ ਸਿੰਘ ਸਾਗਰ, ਧਨੌਲਾ : ਬਾਅਦ ਦੁਪਹਿਰ ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਰਜਵਾੜਾ ਢਾਬਾ ਧਨੌਲਾ ਵਿਖੇ ਹੋਏ ਸੜਕ ਹਾਦਸੇ ਦੌਰਾਨ ਤਿੰਨ ਜਣੇ ਜ਼ਖ਼ਮੀ ਹੋਏ ਗਏ ਤੇ ਇਕ ਅੌਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਸੰਤ ਸਿੰਘ, ਹਰਮਿੰਦਰ ਸਿੰਘ, ਖੁਸ਼ਦੀਪ ਕੌਰ ਤੇ ਬਲਵਿੰਦਰ ਕੌਰ ਆਪਣੀ ਸੈਂਟਰੋ ਕਾਰ ਪੀਬੀ 28ਏ 9293 ਤੇ ਸਵਾਰ ਹੋ ਕੇ ਬਰਨਾਲਾ ਤੋਂ ਸੰਗਰੂਰ ਜਾ ਰਹੇ ਸਨ।

ਜਿਵੇਂ ਹੀ ਉਹ ਰਜਵਾੜਾ ਢਾਬਾ ਧਨੌਲਾ ਨੇੜੇ ਪਹੁੰਚੇ ਤਾਂ ਅਚਾਨਕ ਗੱਡੀ ਸੱਜੇ ਪਾਸੇ ਬਣੇ ਡਿਵਾਈਡਰ 'ਤੇ ਚੜ੍ਹ ਗਈ ਤੇ ਪਲਟ ਗਈ, ਜਿਸ ਨਾਲ ਚਾਰੇ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ। ਡਾ. ਈਵਾ ਨਾਲ ਨਵਦੀਪ ਕੌਰ ਤੇ ਰਾਜ ਸਿੰਘ ਨੇ ਮੁੱਢਲੀ ਸਹਾਇਤਾ ਦਿੰਦਿਆਂ ਗੁਰਦੇਵ ਸਿੰਘ ਨੂੰ ਗੰਭੀਰ ਹੋਣ 'ਤੇ ਰੈਫਰ ਕਰ ਦਿੱਤਾ ਤੇ ਬਲਵਿੰਦਰ ਕੌਰ (50) ਜ਼ਖ਼ਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ। ਇਹ ਵੀ ਪਤਾ ਲੱਗਿਆ ਕਿ ਇਹ ਪਰਿਵਾਰ ਆਪਣੇ ਲੜਕੇ ਹਰਮਿੰਦਰ ਸਿੰਘ ਲਈ ਲੜਕੀ ਦੇਖ ਕੇ ਸ਼ਗਨ ਕਰਕੇ ਆ ਰਹੇ ਸੀ।