ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਥਾਨਕ ਗੁਰੂ ਨਾਨਕ ਮੁਹੱਲਾ, ਬਾਜੀਗਰ ਬਸਤੀ 'ਚ ਇਕ ਘਰ ਅੰਦਰ ਦਾਖ਼ਲ ਹੋਏ ਹਥਿਆਰਬੰਦ ਵਿਅਕਤੀਆਂ ਨੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਘਟਨਾ ਤੋਂ ਬਾਅਦ ਪੀੜਤ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਾਸ਼ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰਕ ਮੈਂਬਰ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 9 ਕੁ ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ 'ਚ ਵਿਅਕਤੀ ਉਸ ਦੇ ਚਾਚਾ ਕਾਲਾ ਸਿੰਘ ਪੁੱਤਰ ਬਲਕਾਰ ਸਿੰਘ ਦੇ ਘਰ ਅੰਦਰ ਜ਼ਬਰਦਸਤੀ ਦਾਖਲ ਹੋ ਗਏ। ਜਿਨ੍ਹਾਂ ਨੇ ਉਸ ਦੇ ਚਾਚਾ ਕਾਲਾ ਸਿੰਘ ਦੇ ਸਿਰ 'ਤੇ ਕਈ ਵਾਰ ਕੀਤੇ। ਰੌਲਾ ਪਾਉਣ 'ਤੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ ਤੇ ਹਮਲਾਵਰ ਲਲਕਾਰੇ ਮਾਰਦੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਜਖ਼ਮੀ ਹਾਲਤ 'ਚ ਉਸ ਦੇ ਚਾਚੇ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਟੀ ਬਰਨਾਲਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।

ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਕਾਲਾ ਸਿੰਘ ਦੇ ਘਰ ਦੋ ਜਵਾਨ ਧੀਆਂ ਹਨ। ਕਾਲਾ ਸਿੰਘ ਕੰਮ ਕਰਕੇ ਘਰ ਪਹੁੰਚਿਆ, ਤਾਂ ਉਨ੍ਹਾਂ ਦੇ ਇਲਾਕੇ ਦੇ ਹੀ ਦੋ ਵਿਅਕਤੀ ਉਸ ਦੇ ਘਰ ਨੇੜੇ ਬਣੀ ਪੁਲੀ 'ਤੇ ਬੈਠੇ ਸ਼ਰਾਬ ਪੀ ਕੇ ਗਾਲ੍ਹਾਂ ਕੱਢ ਰਹੇ ਸੀ। ਕਾਲਾ ਸਿੰਘ ਨੇ ਆਪਣੀ ਜਵਾਨ ਧੀਆਂ ਦਾ ਵਾਸਤਾਂ ਦੇ ਦੋਵਾਂ ਸ਼ਰਾਬੀਆਂ ਨੂੰ ਉੱਥੋ ਚਲੇ ਜਾਣ ਲਈ ਕਿਹਾ। ਜਿਸ ਤੋਂ ਬਾਅਦ ਉਕਤਾਨ ਵਿਅਕਤੀ 25/30 ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ ਤੇ ਉਸ ਦੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਮਲੇ 'ਚ ਬੇਟਾ ਸੁਖਪ੍ਰੀਤ ਸਿੰਘ ਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Amita Verma