ਸੁਰਿੰਦਰ ਗੋਇਲ, ਸ਼ਹਿਣਾ : ਕਸਬੇ 'ਚੋਂ ਲੰਘਦੀ ਬਠਿੰਡਾ-ਸਰਹਿੰਦ ਨਹਿਰ 'ਚ ਮੰਗਲਵਾਰ ਨੂੰ ਇਕ ਮਾਂ ਨੇ ਆਪਣੇ ਦੋ ਪੁੱਤਰਾਂ ਸਣੇ ਛਾਲ ਮਾਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਦੀ ਕੋਸ਼ਿਸ਼ ਕੀਤੀ ਪਰ ਰਾਹਗੀਰਾਂ ਨੇ ਮਾਂ ਤੇ ਦੋਵੇਂ ਪੁੱਤਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ। ਉਸ ਨੇ ਇਹ ਕਦਮ ਗ਼ਰੀਬੀ ਤੋਂ ਤੰਗ ਆ ਕੇ ਚੁੱਕਿਆ ਦੱਸਿਆ ਜਾ ਰਿਹਾ ਹੈ।

ਬਰਨਾਲਾ ਦੇ ਸੇਖਾ ਰੋਡ ਦੀ ਰਹਿਣ ਵਾਲੀ ਗਾਇਤਰੀ ਸ਼ਰਮਾ (34 ਸਾਲ) ਪਤਨੀ ਕਮਲ ਸ਼ਰਮਾ ਨੇ ਆਪਣੇ ਦੋ ਪੁੱਤਰ ਸਮਰ ਸ਼ਰਮਾ (9 ਸਾਲ) ਤੇ ਦੁਸ਼ਿਅੰਤ ਸ਼ਰਮਾ (4 ਸਾਲ) ਨੂੰ ਬਰਨਾਲਾ ਤੋਂ ਆਟੋ 'ਤੇ ਨਹਿਰ ਬੱਸ ਸਟੈਂਡ ਸ਼ਹਿਣਾ ਵਿਖੇ ਆਈ। ਇੱਥੋਂ ਉਹ ਪੁਰਾਣਾ ਪੁਲ ਨਹਿਰ 'ਤੇ ਪੈਦਲ ਚਲੀ ਗਈ। ਪੁਲ ਤੋਂ ਉਸ ਨੇ ਪਹਿਲਾਂ ਆਪਣੇ ਪੁੱਤਰਾਂ ਨੂੰ ਨਹਿਰ 'ਚ ਸੁੱਟ ਦਿੱਤਾ ਤੇ ਬਾਅਦ 'ਚ ਖੁਦ ਛਾਲ ਮਾਰ ਦਿੱਤੀ। ਇਸ ਘਟਨਾ ਨੂੰ ਰਾਹੀਗਰਾਂ ਨੇ ਦੇਖ ਲਿਆ ਤੇ ਰੌਲਾ ਪਾ ਦਿੱਤਾ। ਪਾਣੀ ਘੱਟ ਹੋਣ ਕਰ ਕੇ ਵਹਾਅ ਵੀ ਘੱਟ ਸੀ ਤੇ ਵੱਡੀ ਗਿਣਤੀ 'ਚ ਇਕੱਤਰ ਲੋਕਾਂ ਨੇ ਕੁਝ ਹੀ ਮਿੰਟਾਂ 'ਚ ਪਹਿਲਾਂ ਔਰਤ ਤੇ ਫਿਰ ਦੋਵੇਂ ਬੱਚਿਆਂ ਨੂੰ ਜ਼ਿੰਦਾ ਬਾਹਰ ਕੱਢ ਲਿਆ। ਮਾਂ-ਪੁੱਤਰਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ। ਭਾਵੇਂ ਔਰਤ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ ਤੇ ਬੱਚਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ ਪਰ ਉਸਨੇ ਆਪਣੇ ਪਤੀ ਨਾਲ ਗੱਲ ਕਰਵਾ ਦਿੱਤੀ। ਗਾਇਤਰੀ ਦੇਵੀ ਦੇ ਪਤੀ ਕਮਲ ਸ਼ਰਮਾ ਨੇ ਦੱਸਿਆ ਕਿ ਪਰਿਵਾਰ 'ਚ ਸਾਰੇ ਇਕੱਠੇ ਰਹਿੰਦੇ ਹਾਂ ਤੇ ਕਦੇ ਕੋਈ ਝਗੜਾ ਨਹੀਂ ਹੋਇਆ। ਉਹ ਇਕ ਕੰਬਾਇਨ ਕੰਪਨੀ ਵਿਚ ਮਜ਼ਦੂਰੀ ਕਰਦਾ ਹੈ ਤੇ ਤਨਖ਼ਾਹ ਨਾਲ ਗੁਜ਼ਾਰਾ ਨਾ ਹੋਣ ਕਰ ਕੇ ਆਰਥਿਕ ਮੰਦਹਾਲੀ ਹੈ। ਇਸ ਕਾਰਨ ਪਤਨੀ ਅਕਸਰ ਇਸ ਬਾਰੇ ਸੋਚਦੀ ਰਹਿੰਦੀ ਸੀ। ਗਾਇਤਰੀ ਤੇ ਦੋਵਾਂ ਬੱਚਿਆਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ।

Posted By: Jagjit Singh