ਸੁਰਿੰਦਰ ਗੋਇਲ, ਸ਼ਹਿਣਾ : ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਸਿਹਤ ਗ਼ਲਤ ਦਵਾਈ ਖਾਣ ਨਾਲ ਵਿਗੜੀ ਹੈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਰਹਿ ਰਹੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਹਿਰ ਨਹੀਂ ਨਹੀਂ ਖਾਧੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦਿਲ ਦੀ ਬਿਮਾਰੀ ਕਾਰਨ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਤਪਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੋਂ ਬਾਅਦ 'ਚ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਰੈਫਰ ਕੀਤਾ ਗਿਆ ਹੈ।

ਇਸ ਦੌਰਾਨ ਲਾਭ ਸਿੰਘ ਉੱਗੋਕੇ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਦਿਆ ਲਿਖਿਆ ਕਿ, "ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਹਲਕੇ ਤੇ ਪੰਜਾਬ ਦੇ ਸਾਰੇ ਭੈਣਾਂ ਭਰਾਵਾਂ ਤੇ ਸਾਰੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕੀ ਮੇਰੇ ਪਿਤਾ ਜੀ ਦੀ ਹਾਰਟ ਬੀਟ ਕਾਫੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਈ ਹੈ ਤੇ ਡੀਐੱਮਸੀ ਹੀਰੋ ਹਾਰਟ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੀ ਹਾਲਤ ਫ਼ਿਲਹਾਲ ਸਥਿਰ ਹੈ, ਵਾਹਿਗੁਰੂ ਜੀ ਕਿਰਪਾ ਕਰਨ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ ਧੰਨਵਾਦ।"

ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਵੇਰ ਤੋਂ ਹੀ ਚਰਚਾ 'ਚ ਰਿਹਾ ਹੈ ਪਰ ਇਸ ਮਾਮਲੇ ਦੀ ਅਸਲ ਸੱਚਾਈ ਵਿਧਾਇਕ ਲਾਭ ਸਿੰਘ ਦੀ ਮਾਤਾ ਨੇ ਮੀਡੀਆ ਸਾਹਮਣੇ ਬਿਆਨ ਕੀਤੀ ਹੈ। ਵਿਧਾਇਕ ਦੀ ਮਾਤਾ ਬਲਦੇਵ ਕੌਰ ਨੇ ਉਸਦੇ ਪਤੀ ਦਰਸ਼ਨ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਨੂੰ ਗਲਤ ਦੱਸਿਆ ਹੈ।

ਵਿਧਾਇਕ ਦੇ ਚਾਚਾ ਨੇ ਕਿਹਾ ਕਿ ਜ਼ਹਿਰ ਖਾਣ ਨੂੰ ਲੈ ਕੇ ਇਹ ਗ਼ਲਤ ਅਫਵਾਹ ਫੈਲਾਈ ਗਈ ਹੈ। ਉਨ੍ਹਾਂ ਨੇ ਕੋਈ ਜ਼ਹਿਰ ਨਹੀਂ ਨਿਗਲਿਆ। ਨਾ ਕਿਸੇ ਨਾਲ ਕੋਈ ਲੜਾਈ ਹੋਈ। ਉਨ੍ਹਾਂ ਨੂੰ ਸਵੇਰੇ ਦਿਲ ਦਾ ਦੌਰਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਤਰੀਕੇ ਨਾਲ ਅਫ਼ਵਾਹ ਫੈਲਾਉਣਾ ਗ਼ਲਤ ਹੈ।

Posted By: Jagjit Singh