ਗੁਰਮੁੱਖ ਸਿੰਘ ਹਮੀਦੀ, ਮਹਿਲਕਲਾਂ : ਦਿਹਾਤੀ ਮਜ਼ਦੂਰ ਸਭਾ ਤੇ ਸੀਟੀਯੂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ ਤੇ ਸੀਟੀਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਖੁਰਦ ਤੇ ਕੁਰੜ ਵਿਖੇ ਬੰਦ ਪਏ ਮਨਰੇਗਾ ਸਕੀਮ ਦੇ ਕੰਮ ਨੂੰ ਚਾਲੂ ਕਰਵਾਉਣ ਤੇ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਮਜ਼ਦੂਰਾਂ ਨੇ ਅਨਾਜ ਮੰਡੀ, ਮਹਿਲ ਕਲਾਂ ਵਿਖੇ ਇਕੱਠੇ ਹੋ ਕੇ ਬੀਡੀਪੀਓ ਦਫ਼ਤਰ ਤੱਕ ਰੋਸ ਮਾਰਚ ਕੱਢ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਕੁਰੜ, ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ, ਚਰਨਜੀਤ ਕੌਰ, ਜਸਪਾਲ ਕੌਰ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਲਗਾਤਾਰ ਮਜ਼ਦੂਰ ਪੱਖੀ ਅਧਿਕਾਰ ਤਹਿਤ ਮਿਲਦੀਆਂ ਮਜ਼ਦੂਰਾਂ ਨੂੰ ਸਕੀਮਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਭੁੱਖਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਪੰਜ ਪੰਜ ਮਰਲੇ ਦੇ ਪਲਾਟ ਪਹਿਲ ਦੇ ਆਧਾਰ 'ਤੇ ਦੇਣ ਦੀ ਮੰਗ ਕੀਤੀ। ਇਸ ਮੌਕੇ ਬੀਡੀਪੀਓ ਭੂਸ਼ਣ ਕੁਮਾਰ, ਮਨਰੇਗਾ ਦੇ ਏਪੀਓ ਗਗਨਦੀਪ ਸਿੰਘ ਤੇ ਜੇਈ ਇੰਦਰਜੀਤ ਸਿੰਘ ਨੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਆਉਂਦੇ ਹਫ਼ਤੇ ਤਕ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ ਤੇ ਮਜ਼ਦੂਰਾਂ ਨੂੰ ਪਲਾਟ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਦਿੱਤੇ ਜਾਣਗੇ।