ਸੁਰਿੰਦਰ ਗੋਇਲ, ਸ਼ਹਿਣਾ : ਮਾਣਯੋਗ ਸੁਪਰੀਮ ਕੋਰਟ ਦੇ ਜਾਰੀ ਹੁਕਮਾਂ ਅਨੁਸਾਰ ਕੌਮੀ ਮਾਰਗ 'ਤੇ ਸ਼ਰਾਬ ਦਾ ਠੇਕਾ ਨਹੀਂ ਖੋਲਿ੍ਹਆ ਜਾ ਸਕਦਾ। ਪਰ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਉੱਪਰ ਪੱਖੋ ਕੈਂਚੀਆਂ ਨੇੜੇ ਟੋਲ ਪਲਾਜ਼ੇ ਕੋਲ ਸਰਕਾਰੀ ਸ਼ਹਿ 'ਤੇ ਚਲਦੇ ਸ਼ਰਾਬ ਦੇ ਠੇਕੇ 'ਚ ਸ਼ਰਾਬ ਦੀਆਂ ਕੁੱਝ ਹੀ ਬੋਤਲਾਂ ਰੱਖ ਕੇ ਵੇਚੀਆਂ ਜਾ ਰਹੀਆਂ ਹਨ। ਜਦ ਕਿ 30 ਜੂਨ ਤੋਂ ਪਹਿਲਾ ਇੱਥੇ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਸੀ। ਜਿਸਦਾ ਖੁਲਾਸਾ 'ਪੰਜਾਬੀ ਜਾਗਰਣ' ਅਖਬਾਰ 'ਚ ਵੀ ਕੀਤਾ ਗਿਆ ਸੀ। ਪਰ ਕਿਸੇ ਵੀ ਅਧਿਕਾਰੀ ਦੀ ਹਿੰਮਤ ਤਕ ਨਹੀਂ ਪਈ ਕਿ ਉਹ ਸ਼ਰਾਬ ਦਾ ਨਾਜਾਇਜ਼ ਠੇਕਾ ਬੰਦ ਕਰਵਾ ਸਕੇ। ਭਾਵੇ ਹੁਣ ਨਵੀਂ ਅਬਾਕਾਰੀ ਨੀਤੀ ਤਹਿਤ ਠੇਕਿਆਂ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ, ਪਰ ਸ਼ਹਿਣਾ ਖੇਤਰ 'ਚ ਖੁੱਲੇ ਸ਼ਰਾਬ ਦੇ ਠੇਕਿਆਂ ਬਾਰੇ ਐਕਸਾਈਜ ਵਿਭਾਗ ਬਰਨਾਲਾ ਤੇ ਸੰਗਰੂਰ ਦੇ ਅਧਿਕਾਰੀ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਫੋਨ ਨਾ ਚੁੱਕਣ 'ਚ ਹੀ ਆਪਣੀ ਭਲਾਈ ਸਮਝਦੇ ਹਨ। ਜਿਸ ਨਾਲ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਨਹੀਂ ਬਲਕਿ ਦਾਲ ਹੀ ਕਾਲੀ ਹੋਣੀ ਸੁਭਾਵਿਕ ਜਾਪਦੀ ਹੈ। ਹਾਲਾਂਕਿ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਨ ਉਪਰੰਤ ਕਾਰਵਾਈ ਕੀਤੇ ਜਾਣ ਦੀ ਗੱਲ ਕਹਿ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਪਰ ਇਸ ਵਾਰ ਵਿਭਾਗ ਦੇ ਅਧਿਕਾਰੀਆਂ ਨੇ ਖਾਨਾਪੂਰਤੀ ਕਰਨੀ ਵੀ ਵਾਜਬ ਨਹੀਂ ਸਮਝੀ ਤੇ ਠੇਕੇਦਾਰ ਅੱਗੇ ਆਪਣਾ ਸਿਰ ਝੁਕਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਸ਼ਰੇਆਮ ਦਿਨ ਦਿਹਾੜੇ ਫੂਕ ਕੱਢਣ 'ਚ ਕੋਈ ਕਸਰ ਨਹੀਂ ਛੱਡੀ।

ਜਾਣਕਾਰੀ ਅਨੁਸਾਰ ਸ਼ਰਾਬ ਕਾਰਨ ਵਾਪਰਦੇ ਸੜਕ ਹਾਦਸਿਆਂ 'ਚ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਉਣ ਦੀ ਪਾਈ ਪਟੀਸ਼ਨ 'ਤੇ ਸਾਲ 2015 'ਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਹਾਈਵੇ 'ਤੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਤੇ ਰੋਕ ਲਾ ਦਿੱਤੀ ਗਈ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਨੈਸ਼ਨਲ ਹਾਈਵੇ ਦੇ 500 ਮੀਟਰ ਦੀ ਦੂਰੀ ਤਕ ਸ਼ਰਾਬ ਦਾ ਠੇਕਾ ਨਹੀਂ ਖੋਲਿ੍ਹਆ ਜਾ ਸਕਦਾ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਸਰਕਾਰ ਤੇ ਆਬਕਾਰੀ ਵਿਭਾਗ ਕਿਨ੍ਹਾਂ ਕੁ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਸ਼ਰਾਬ ਦੇ ਸ਼ਰੇਆਮ ਚੱਲ ਰਹੇ ਠੇਕੇ ਤੋਂ ਲੱਗ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਬਦਲਾਅ ਦਾ ਢੰਡੋਰਾ ਪਿੱਟ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਕਾਗਜੀ ਹੁਕਮ ਬਣਾ ਕੇ ਸ਼ਰਾਬ ਦੇ ਠੇਕੇ ਨੈਸ਼ਨਲ ਹਾਈਵੇ ਉੱਪਰ ਖੁੱਲ੍ਹਣ ਲੱਗ ਪਏ ਹਨ। ਜਦ ਕਿ ਚੋਣਾਂ ਤੋਂ ਪਹਿਲਾ 'ਆਪ ਪਾਰਟੀ' ਸਿਹਤ ਤੇ ਸਿੱਖਿਆ ਦੇਣ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਸਿਹਤ ਤੇ ਸਿੱਖਿਆ ਨੂੰ ਛੱਡ ਕੇ ਸ਼ਰਾਬ ਦੇ ਨਾਜਾਇਜ਼ ਠੇਕੇ ਚਲਾਉਣ ਵਾਲਿਆਂ ਨੂੰ ਥਾਪੜਾ ਦੇ ਰਹੀ ਹੈ।

- ਕਈ ਠੇਕੇ 500 ਮੀਟਰ ਦੇ ਘੇਰੇ 'ਚ

ਜ਼ਿਲ੍ਹਾ ਬਰਨਾਲਾ ਅੰਦਰ ਕਈ ਸ਼ਰਾਬ ਦੇ ਠੇਕੇ ਅਜਿਹੇ ਵੀ ਹਨ, ਜੋ ਨੈਸ਼ਨਲ ਹਾਈਵੇ ਤੋਂ 500 ਮੀਟਰ ਦੇ ਘੇਰੇ 'ਚ ਹੀ ਹਨ ਜਾਂ ਉਹ ਨੈਸ਼ਨਲ ਹਾਈਵੇ ਤੋਂ ਦਿਖਾਈ ਦਿੰਦੇ ਹਨ। ਜਦ ਕਿ ਮਾਣਯੋਗ ਸੁਪਰੀਮ ਕੋਰਟ ਹੁਕਮਾਂ ਅਨੁਸਾਰ ਕੋਈ ਵੀ ਸ਼ਰਾਬ ਦਾ ਠੇਕਾ 500 ਮੀਟਰ ਦੇ ਘੇਰੇ 'ਚ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਨੈਸ਼ਨਲ ਹਾਈਵੇ ਤੋਂ ਦਿਖਾਈ ਦੇਣਾ ਚਾਹੀਦਾ ਹੈ। ਪਰ ਨਵੀਂ ਸਰਕਾਰ ਦੇ ਆਏ ਬਦਲਾਅ ਸਦਕਾ ਹੁਣ ਕੋਈ ਰੋਕਣ ਵਾਲਾ ਹੀ ਨਹੀਂ ਹੈ।

- ਅਧਿਕਾਰੀ ਵਰਗ ਨੇ ਫੋਨ ਚੁੱਕਣਾ ਕੀਤਾ ਬੰਦ

ਇਸ ਮਾਮਲੇ ਸਬੰਧੀ ਜਦੋਂ ਕਰ ਅਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਚੰਦਰ ਮਹਿਤਾ, ਈਟੀਓ ਵਨੀਤ ਕੁਮਾਰ ਨੇ ਪਿਛਲੇ ਪੰਜ ਦਿਨਾਂ ਤੋਂ ਫੋਨ ਤੋਂ ਚੁੱਕਣਾ ਮੁਨਾਸਿਬ ਨਹੀਂ ਸਮਿਝਆ। ਜਦ ਕਿ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨ ਗੁਰੱਪ ਸਨ, ਜਿਨ੍ਹਾਂ ਦੀ ਅਲਾਟਮੈਂਟ ਇਕੋ ਪਾਰਟੀ ਨੂੰ ਹੋ ਚੁੱਕੀ ਹੈ। ਉਨਾਂ੍ਹ ਕਿਹਾ ਕਿ ਪੱਖੋ ਕੈਂਚੀਆਂ ਨੇੜੇ ਟੋਲ ਪਲਾਜ਼ੇ ਕੋਲ ਚੱਲਦੇ ਸ਼ਰਾਬ ਦੇ ਠੇਕੇ ਸਬੰਧੀ ਠੇਕੇਦਾਰ ਨੂੰ ਤਾੜਨਾ ਕੀਤੀ ਗਈ ਹੈ। ਜੇਕਰ ਇਕ ਦੋ ਦਿਨਾਂ ਅੰਦਰ ਠੇਕਾ ਸਿਫਟ ਨਾ ਕੀਤਾ ਤਾਂ ਚਲਾਨ ਕੱਟ ਦਿੱਤਾ ਜਾਵੇਗਾ।