ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਕਿਸਾਨੀ ਅੰਦੋਲਨ ’ਚ ਨੌਜਵਾਨਾਂ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਨੇ ਸਿਆਸੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੁੱਝ ਆਗੂ ਕਿਸਾਨੀ ਅੰਦੋਲਨ ਦੇ ਖਿਲਾਫ਼ ਥੋੜ੍ਹੀ ਬਹੁਤੀ ਬਿਆਨਬਾਜ਼ੀ ਕਰਕੇ ਸਿਰਫ ਗੰਨਮੈਨ ਲੈਣ ਨੂੰ ਤਵੱਜੋ ਦੇ ਰਹੇ ਹਨ। ਉਨ੍ਹਾਂ ਨੂੰ ਕਿਸਾਨ ਹਾਮੀ ਅੰਦੋਲਨ ’ਚ ਕੁੱਦੇ ਕਿਸਾਨਾਂ ਵਲੋਂ ਅਣਦੇਖਿਆ ਕਰਨਾ ਚਾਹੀਦਾ ਹੈ, ਸ਼ਾਂਤੀ ਅਤੇ ਜਾਬਤੇ ’ਚ ਰਹਿ ਕੇ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦੀ ਜਿੱਤ ਜਰੂਰ ਹੋਵੇਗੀ।

26 ਜਨਵਰੀ ਨੂੰ ਟਰੈਕਟਰ ਪਰੇਡ ’ਚ ਠੀਕਰੀਵਾਲਾ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਿੰਡ ’ਚੋਂ 100 ਤੋਂ ਵੱਧ ਟਰੈਕਟਰ ਲੈ ਕੇ ਦਿੱਲੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੋ ਰਹੀ ਟਰੈਕਟਰ ਪਰੇਡ ਦਾ ਹਿੱਸਾ ਬਣੋ। ਉਨ੍ਹਾ ਕਿਹਾ ਕਿ ਹਿੰਦੋਸਤਾਨ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਅਗਾਮੀ ਦਿਨਾਂ ਤੋਂ ਵੀ ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਮਾਰੂ ਤੇ ਬਹੁਤ ਖਾਤਿਕ ਸਾਬਿਤ ਹੋ ਸਕਦਾ ਹੈ ਪਰ ਅਸੀ ਨਿੱਡਰ ਤੇ ਚੰਗੀ ਕੌਮ ਦੇ ਬੱਚੇ ਹਾਂ।

ਉਨ੍ਹਾਂ ਮੰਚ ਤੋਂ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਜਿਸ ਨੇ 4 ਦਹਾਕਿਆਂ ਦੇ ਬਾਅਦ ਸਾਡੀ ਸੁੱਤੀ ਹੋਈ ਕੌਮ ਨੂੰ ਜਗਾ ਕੇ ਇਕਮੰਚ ’ਤੇ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜੋ ਲੜਨਾ ਜਾਣਦੀਆਂ ਹਨ, ਸੰਘਰਸ਼ ਕਰਨਾ ਜਾਣਦੀਆਂ ਹਨ। ਸਾਹਮਣੇ ਹੋ ਕੇ ਹਿੱਤਾਂ ਡਾਹ ਅਸੀ ਸਰਕਾਰ ਦੇ ਖਿਲਾਫ਼ ਭਾਵੇਂ ਪ੍ਰਦਰਸ਼ਨ ਕਰ ਰਹੇ ਹਾਂ ਪਰ ਜਾਬਤਾ ਤੇ ਸਾਂਤੀ ਹੀ ਸਾਡੀ ਜਿੱਤ ਹੋਵੇਗੀ। ਉਨ੍ਹਾਂ ਇਸ ਕਿਸਾਨ ਅੰਦੋਲਨ ’ਤੇ ਬੋਲਦਿਆਂ ਕਿਹਾ ਕਿ ਹੁਣ ਸਾਡੇ ਗੀਤ ਬਦਲੇ ਹਨ, ਰਿਵਾਜ ਬਦਲੇ ਹਨ, ਹੱਕ ਲੈਣ ਦੇ ਢੰਗ ਬਦਲੇ ਹਨ।

ਉਨ੍ਹਾਂ ਦੇਸ਼ ਦੇ ਅਖੌਤੀ ਸਾਧ ਚੇਲਿਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸਾਰੇ ਆਰਐਸਐਸ ਦੇ ਪੈਦਾ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨ ਅੰਦੋਲਨ ’ਤੇ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਖਰਚਾ ਹੋ ਚੁੱਕਿਆ ਹੈ, ਜਿਸ ਨੂੰ ਪੰਜਾਬੀਆਂ ਨੇ ਆਪੋ ਆਪਣੇ ਦਸਬੰਧ ਰਾਹੀਂ ਇਕੱਠਾ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੱਗ ਦੇ ਰੂਪ ’ਚ ਖਰਚਿਆ ਹੈ। ਉਨ੍ਹਾਂ ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਤੋਂ ਇਸ ਅੰਦੋਲਨ ’ਚ ਪੁੱਜੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਤੇ ਠੀਕਰੀਵਾਲਾ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ 26 ਜਨਵਰੀ ਨੂੰ ਹੁੰਮ ਹੁਮਾ ਕੇ ਪੁੱਜਣ ਦਾ ਹੋਕਾ ਦਿੱਤਾ।

Posted By: Jagjit Singh