ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਕੋਟਕਪੂਰਾ ਗੋਲੀ ਕਾਂਡ ’ਚ ਦੇ ਮੁੱਖ ਗਵਾਹ ਬਰਨਾਲਾ ਤੋਂ ਅਜੀਤ ਸਿੰਘ ਨੇ ਕੁਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਅਜੀਤ ਸਿੰਘ ਨੇ ਕਿਹਾ ਕਿ ਜਦ ਬੇਅਦਬੀ ਤੇ ਗੋਲੀਕਾਂਡ ਦੀ ਘਟਨਾ ਹੋਈ ਤਾਂ ਉਸਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਸੀ। ਪਰ ਕੈਪਟਨ ਸਰਕਾਰ ਬਣਨ ਬਾਅਦ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਉਨ੍ਹਾਂ ਨੂੰ ਪੂਰਨ ਇਨਸਾਫ਼ ਦਿਵਾਉਣ ਦੀ ਗੱਲ ਕਹੀ ਸੀ।

ਜਸਟਿਸ ਰਣਜੀਤ ਸਿੰਘ ਨੇ ਇਸ ਮਾਮਲੇ ’ਚ ਪੀੜਤ ਪਰਿਵਾਰਾਂ ਨੂੰ ਸਰਕਾਰ ਤੋਂ ਨੌਕਰੀ ਦਿਵਾਉਣ ਦੀ ਵੀ ਸਿਫ਼ਾਰਸ਼ ਕੀਤੀ ਸੀ ਜੋ ਅਜੇ ਤਕ ਨਹੀਂ ਦਿੱਤੀ ਗਈ। ਜਿਸ ਦੇ ਬਾਅਦ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਐਸਆਈਟੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਉਸ ਵਲੋਂ ਐਸਆਈਟੀ ਨੂੰ ਪੂਰਨ ਤੌਰ ’ਤੇ ਸਹਿਯੋਗ ਦਿੱਤਾ ਗਿਆ। ਇਸ ਮਾਮਲੇ ’ਚ ਹੁਣ ਤਕ 9 ਚਲਾਨ ਪੇਸ਼ ਹੋ ਚੁੱਕੇ ਹਨ ਜਦਕਿ ਆਖ਼ਰੀ ਚਲਾਣ ਪੇਸ਼ ਹੋਣਾ ਬਾਕੀ ਹੈ। ਆਈਜੀ ਕੁਵਰ ਵਿਜੈ ਪ੍ਰਤਾਪ ਦੀ ਐਸਆਈਟੀ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਭੰਗ ਕਰਨ ਦੀ ਮੰਗ ਕਰਨ ਦੇ ਹੁਕਮ ਦਿੱਤੇ ਜਿਸ ਕਾਰਨ ਇਸ ਮਾਮਲੇ ’ਚ ਸਾਰੇ ਪਰਿਵਾਰਾਂ ਨੂੰ ਇਕ ਝਟਕਾ ਲੱਗਿਆ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਟੁੱਟ ਗਈ ਹੈ। ਉਨ੍ਹਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਹਾਈ ਕੋਰਟ ’ਚ ਇਸ ਮਾਮਲੇ ਦੀ ਗੰਭੀਰਤਾ ਨਾਲ ਪੈਰਵੀ ਨਾ ਕਰਨ ਵਾਲੇ ਅਤੁਲ ਨੰਦਾ ਨੂੰ ਬਦਲ ਕੇ ਨਵੀਂ ਟੀਮ ਨਿਯੁਕਤ ਕੀਤੀ ਜਾਵੇ ਤੇ ਸਾਡੇ ਵਰਗੇ ਪੀੜਤਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਅਤੇ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕੀਤੇ ਜਾਣ।

Posted By: Jagjit Singh