ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਵੱਲੋਂ ਇਸ ਵਰ੍ਹੇ 72ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਵੱਖਰੇ ਹੀ ਤੌਰ ’ਤੇ ਸਖਤੀ ਵਰਤੀ ਉੱਥੇ ਹੀ ਸਮਾਗਮ ਦੇ ਪ੍ਰਬੰਧਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ। ਜਿੱਥੇ ਬਰਨਾਲਾ ਸ਼ਹਿਰ ਦੀਆਂ ਦੁਕਾਨਾਂ ਨੂੰ ਮੁਕੰਮਲ ਬੰਦ ਕਰਵਾ ਕੇ ਮੰਤਰੀ ਦੀ ਆਮਦ ’ਚ ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਸਿਰ ’ਤੇ ਸੋਹਣੀ ਦਸਤਾਰ ਸਜਾਉਣ ਨੂੰ ਪਹਿਲ ਦਿੱਤੀ, ਉੱਥੇ ਹੀ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਝੰਡਾ ਲਹਿਰਾਉਣ ਉਪਰੰਤ ਆਪਣਾ ਭਾਸ਼ਣ ਦੇ ਮੰਚ ’ਤੇ ਸੁਸ਼ੋਭਿਤ ਸੋਫ਼ਿਆਂ ’ਤੇ ਡੀਸੀ ਬਰਨਾਲਾ ਵੱਲੋਂ ਬਿਰਾਜਮਾਨ ਕਰਵਾ ਦਿੱਤਾ। ਪੰਡਾਲ ’ਚ ਹਾਜ਼ਰੀਨ ਲੋਕ ਜਿੱਥੇ ਹੱਕੇ-ਬੱਕੇ ਰਹਿ ਗਏ ਤਾਂ ਸਾਹਮਣੇ ਤੋਂ ਉੁਪ-ਕਪਤਾਨ ਬਲਜੀਤ ਸਿੰਘ ਬਰਾੜ ਮੁੱਖ ਮਹਿਮਾਨ ਨੂੰ ਸਲਾਮੀ ਦੇ ਕੇ ਪਰੇਡ ਕਰਨ ਦਾ ਇੰਤਜ਼ਾਰ ਕਰਦੇ ਰਹੇ।

ਜਦ ਡੀਸੀ ਬਰਨਾਲਾ ਵੱਲੋਂ ਹੋਈ ਕੁਤਾਹੀ ’ਤੇ ਪਰਦਾ ਪਾਉਂਦਿਆਂ ਮੁੱਖ ਮਹਿਮਾਨ ਨੂੰ ਮੁੜ ਤੋਂ ਸੋਫ਼ਿਆਂ ਤੋਂ ਉਠਾ ਮੰਚ ’ਤੇ ਲਿਆ ਕੇ ਤਿੰਨ ਰੰਗੇ ਗੁਬਾਰੇ ਛੱਡਣ ਉਪਰੰਤ ਮੁੜ ਤੋਂ ਸਲਾਮੀ ਦੇ ਪਰੇਡ ਸ਼ੁਰੂ ਕੀਤੀ ਗਈ। ਜ਼ਿਲ੍ਹਾ ਪ੍ਰਸਾਸ਼ਨ ਵਲੋਂ ਬਰਨਾਲਾ ਜ਼ਿਲ੍ਹੇ ਤੋਂ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਤੋਂ ਇਲਾਵਾ ਆਪਣੇ ਦਫ਼ਤਰਾਂ ਦੇ ਅਲਮੇਜਾਮੇ ਨੂੰ ਹੀ ਸਨਮਾਨਿਤ ਕਰਕੇ ਜ਼ਿਲ੍ਹੇ ਦੀਆਂ ਵੱਖ-ਵੱਖ ਕਿੱਤਿਆਂ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਅੱਖੋਂ ਪਰੋਖ਼ੇ ਕਰ ਸਿਰਫ਼ ਗਣਤੰਤਰ ਦਿਵਸ ਮੌਕੇ 5 ਸਿਲਾਈ ਮਸ਼ੀਨਾਂ, ਟ੍ਰਾਈਸਾਈਕਲ 4 ਤੇ ਵੀਹਲ ਚੇਅਰ 2 ਦੇ ਕੇ ਜ਼ਿਲ੍ਹਾ ਪ੍ਰਸਾਸ਼ਨ ਨੇ ਜਿੱਥੇ ਲੋੜਵੰਦਾਂ ਦੀ ਖਾਨਾਪੂਰਤੀ ਕਰ ਗਣਤੰਤਰ ਦਿਵਸ ਮਨਾਇਆ। 72ਵਾਂ ਗਣਤੰਤਰਾ ਦਿਵਸ ਮਨਾਉਂਦਿਆਂ ਵੱਖ-ਵੱਖ ਝਾਕੀਆਂ ਨਾਲ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ।

Posted By: Tejinder Thind