ਕੀ ਪੰਜਾਬ 'ਚ ਬੰਦ ਹੋਣ ਕੰਢੇ ਹੈ ਟੈਕਸਟਾਈਲ ਦਿੱਗਜ 'ਟਰਾਈਡੈਂਟ'? ਪ੍ਰਦੂਸ਼ਣ ਬੋਰਡ ਦੇ ਸਖ਼ਤ ਨੋਟਿਸ ਨੇ ਵਧਾਈਆਂ ਕੰਪਨੀ ਦੀਆਂ ਮੁਸ਼ਕਲਾਂ, ਹਜ਼ਾਰਾਂ ਨੌਕਰੀਆਂ 'ਤੇ ਲਟਕੀ ਤਲਵਾਰ!
ਪੰਜਾਬ ਦੇ ਉੱਘੇ ਉਦਯੋਗਿਕ ਘਰਾਣੇ ‘ਟਰਾਈਡੈਂਟ ਗਰੁੱਪ’ ਨੂੰ ਲੈ ਕੇ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿਖੇ ਸਥਿਤ ਟਰਾਈਡੈਂਟ ਉਦਯੋਗ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪ੍ਰਦੂਸ਼ਣ ਨਿਯਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਇਕ ਤਾਜ਼ਾ ਨੋਟਿਸ ਜਾਰੀ ਕੀਤਾ ਗਿਆ ਹੈ। ਭਾਵੇਂ ਅਧਿਕਾਰੀਆਂ ਵਲੋਂ ਇਸ ਨੂੰ ਇਕ ਆਮ ਪ੍ਰਕਿਰਿਆ ਦੱਸਦਿਆਂ 30 ਜੂਨ ਨੂੰ ਚੇਅਰਮੈਨ ਪ੍ਰਦੂਸ਼ਣ ਬੋਰਡ ਅੱਗੇ ਸੁਣਵਾਈ ਦੀ ਗੱਲ ਕਹੀ ਜਾ ਰਹੀ ਹੈ, ਪਰ ਕੰਪਨੀ ਸੂਤਰਾਂ ਅਨੁਸਾਰ ਇਹ ਨੋਟਿਸ ਫੈਕਟਰੀ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਇਕ ਫਰਮਾਨ ਸਾਬਤ ਹੋ ਸਕਦਾ ਹੈ। ਇਸ ਨੋਟਿਸ ਨਾਲ ਇ
Publish Date: Tue, 09 Jun 2026 11:05 AM (IST)
Updated Date: Tue, 09 Jun 2026 11:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਦੇ ਉੱਘੇ ਉਦਯੋਗਿਕ ਘਰਾਣੇ ‘ਟਰਾਈਡੈਂਟ ਗਰੁੱਪ’ ਨੂੰ ਲੈ ਕੇ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਵਿਖੇ ਸਥਿਤ ਟਰਾਈਡੈਂਟ ਉਦਯੋਗ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪ੍ਰਦੂਸ਼ਣ ਨਿਯਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਇਕ ਤਾਜ਼ਾ ਨੋਟਿਸ ਜਾਰੀ ਕੀਤਾ ਗਿਆ ਹੈ। ਭਾਵੇਂ ਅਧਿਕਾਰੀਆਂ ਵਲੋਂ ਇਸ ਨੂੰ ਇਕ ਆਮ ਪ੍ਰਕਿਰਿਆ ਦੱਸਦਿਆਂ 30 ਜੂਨ ਨੂੰ ਚੇਅਰਮੈਨ ਪ੍ਰਦੂਸ਼ਣ ਬੋਰਡ ਅੱਗੇ ਸੁਣਵਾਈ ਦੀ ਗੱਲ ਕਹੀ ਜਾ ਰਹੀ ਹੈ, ਪਰ ਕੰਪਨੀ ਸੂਤਰਾਂ ਅਨੁਸਾਰ ਇਹ ਨੋਟਿਸ ਫੈਕਟਰੀ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਇਕ ਫਰਮਾਨ ਸਾਬਤ ਹੋ ਸਕਦਾ ਹੈ। ਇਸ ਨੋਟਿਸ ਨਾਲ ਇਕ ਨਵੀਂ ਚਰਚਾ ਛਿੜ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਿਧਰੇ ਟਰਾਈਡੈਂਟ ਫੈਕਟਰੀ ਬੰਦ ਤਾਂ ਨਹੀਂ ਹੋ ਜਾਵੇਗੀ?
ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਸਿਰਫ਼ ਇਕ ਉਦਯੋਗ ਨਹੀਂ, ਸਗੋਂ ਇਲਾਕੇ ਦੀ ਆਰਥਿਕ ਜੀਵਨ-ਰੇਖਾ ਹੈ। ਇਸ ਫ਼ੈਕਟਰੀ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਟਰਾਈਡੈਂਟ ਵਲੋਂ ਧੌਲਾ ਫ਼ੈਕਟਰੀ ਸਥਿਤ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਬੁਧਨੀ (ਮੱਧ ਪ੍ਰਦੇਸ਼) ਵਾਲੇ ਪਲਾਂਟ ’ਚ ਟਰਾਂਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਤਪਾਦਾਂ ਸਬੰਧੀ ਨਵੇਂ ਆਰਡਰ ਲੈਣੇ ਵੀ ਫ਼ਿਲਹਾਲ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟਰਾਈਡੈਂਟ ਗਰੁੱਪ ਵਲੋਂ ਹਰ ਸਾਲ ਕਰੋੜਾਂ ਰੁਪਏ ਦਾ ਜੀ.ਐਸ.ਟੀ. ਸਰਕਾਰੀ ਖ਼ਜ਼ਾਨੇ ‘ਚ ਜਮ੍ਹਾ ਕਰਵਾਇਆ ਜਾਂਦਾ ਹੈ। ਫ਼ੈਕਟਰੀ ਬੰਦ ਹੋਣ ਦੀ ਸੂਰਤ ਵਿਚ ਸਰਕਾਰ ਨੂੰ ਵੀ ਮਾਲੀਏ ਦਾ ਭਾਰੀ ਨੁਕਸਾਨ ਝੱਲਣਾ ਪਵੇਗਾ। ਪ੍ਰਦੂਸ਼ਣ ਬੋਰਡ ਦੀ ਇਸ ਕਾਰਵਾਈ ਦਾ ਅਸਰ ਸਿਰਫ਼ ਮੌਜੂਦਾ ਰੁਜ਼ਗਾਰ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ਦੇ ਭਵਿੱਖੀ ਵਿਕਾਸ 'ਤੇ ਵੀ ਇਸ ਦੇ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੌਰਾਨ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਵਲੋਂ ਸੂਬੇ ’ਚ 2000 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਸੀ, ਜੋ ਕਿ ਮੌਜੂਦਾ ਹਾਲਾਤਾਂ ਕਾਰਨ ਹੁਣ ਖਟਾਈ ’ਚ ਪੈਂਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟਰਾਈਡੈਂਟ ਗਰੁੱਪ ਨੂੰ ਜਾਰੀ ਕੀਤੇ ਗਏ ਨੋਟਿਸ ਸਬੰਧੀ ਜਦੋਂ ਐਕਸੀਅਨ ਸੁਰਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਰਾਈਡੈਂਟ ਵਲੋਂ ਪ੍ਰਦੂਸ਼ਣ ਨਿਯਮਾਂ ’ਚ ਕੀਤੀ ਜਾ ਰਹੀ ਉਲੰਘਣਾ ਸਬੰਧੀ ਇਕ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਾਸ ਮਿਤੀ 30 ਜੂਨ ਨੂੰ ਇਸ ਨੋਟਿਸ ਸਬੰਧੀ ਸੁਣਵਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨੋਟਿਸ ਰਾਹੀਂ ਕੰਪਨੀ ਨੂੰ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ।
ਹਾਈ ਕੋਰਟ ਨੇ ਦਿੱਤੀ ਸੀ ਟਰਾਈਡੈਂਟ ਨੂੰ ਵੱਡੀ ਰਾਹਤ
ਇਸ ਪੂਰੇ ਘਟਨਾਕ੍ਰਮ ਨੂੰ ਸਿਆਸੀ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਹੈ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ, ਜਿਨ੍ਹਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ, ਉਹ 'ਆਪ' ਦੇ 6 ਹੋਰਨਾਂ ਰਾਜ ਸਭਾ ਮੈਂਬਰਾਂ ਸਮੇਤ ਭਾਜਪਾ ’ਚ ਸ਼ਾਮਿਲ ਹੋ ਗਏ ਸਨ। ਇਸ ਸਿਆਸੀ ਤਬਦੀਲੀ ਦੇ ਕੁੱਝ ਦਿਨਾਂ ਬਾਅਦ ਹੀ 30 ਅਪ੍ਰੈਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵਲੋਂ ਧੌਲਾ ਫ਼ੈਕਟਰੀ ਵਿਖੇ ਛਾਪੇਮਾਰੀ ਕੀਤੀ ਗਈ ਸੀ। ਇਸ ਕਾਰਵਾਈ ਖ਼ਿਲਾਫ਼ ਟਰਾਈਡੈਂਟ ਗਰੁੱਪ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਗਰੁੱਪ ਨੂੰ ਵੱਡੀ ਰਾਹਤ ਦਿੰਦਿਆਂ ਹੁਕਮ ਸੁਣਾਇਆ ਸੀ ਕਿ ਕਿਸੇ ਵੀ ਸਖ਼ਤ ਕਾਰਵਾਈ ਤੋਂ ਪਹਿਲਾਂ ਕੰਪਨੀ ਨੂੰ ਆਪਣਾ ਪੱਖ ਰੱਖਣ ਲਈ 30 ਦਿਨਾਂ ਦਾ ਢੁਕਵਾਂ ਸਮਾਂ ਦਿੱਤਾ ਜਾਣਾ ਲਾਜ਼ਮੀ ਹੈ। ਭਾਵੇਂ ਮਾਮਲਾ ਹੁਣ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆ ਅਧੀਨ ਹੈ, ਪਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਤਾਜ਼ਾ ਨੋਟਿਸ ਨੇ ਟਰਾਈਡੈਂਟ ਨਾਲ ਜੁੜੇ ਹਜ਼ਾਰਾਂ ਮੁਲਾਜ਼ਮਾਂ ਅਤੇ ਹੋਰ ਪਰਿਵਾਰਾਂ ’ਚ ਬੇਚੈਨੀ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।