ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ

ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਅੌਲਖ ਦੀ ਅਗਵਾਈ ਹੇਠ ਸੁਰੱਖਿਅਤ ਮਾਤ੍ਤਵ ਅਭਿਆਨ ਤਹਿਤ ਜ਼ਿਲਾ ਬਰਨਾਲਾ 'ਚ ਸਿਵਲ ਹਸਪਤਾਲ, ਸੀ.ਐਚ.ਸੀ, ਪੀ.ਐਚ.ਸੀ. ਪੱਧਰ 'ਤੇ ਵਿਸ਼ੇਸ਼ ਗਰਭਵਤੀ ਅੌਰਤਾਂ ਦੇ ਮੈਡੀਕਲ ਚੈੱਕਅਪ ਲਈ ਕੈਂਪ ਲਗਾਏ ਜਾ ਰਹੇ ਹਨ। ਇਸੇ ਮੁਹਿੰਮ ਦੌਰਾਨ ਕਮਿਊਨਟੀ ਹੈਲਥ ਸੈਂਟਰ ਚੰਨਣਵਾਲ ਵਿਖੇ ਲਾਏ ਜਾਂਚ ਕੈਂਪ ਵਿੱਚ ਨਿਰੀਖਣ ਕਰਨ ਪਹੁੰਚੇ ਸਿਵਲ ਸਰਜਨ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪਾਂ ਦੌਰਾਨ ਅੌਰਤਾਂ ਰੋਗਾਂ ਦੇ ਮਾਹਿਰ ਡਾਕਟਰਾਂ ਰਾਹੀਂ ਜ਼ਿਲਾ ਬਰਨਾਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਹੀਨੇ ਦੀ ਹਰੇਕ 9 ਤਰੀਕ ਨੂੰ ਗਰਭਵਤੀ ਅੌਰਤਾਂ ਦਾ ਮੈਡੀਕਲ ਚੈਕਅੱਪ, ਟੈਸਟ ਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਾ. ਅੌਲਖ ਨੇ ਦੱਸਿਆ ਕਿ ਇਨਾਂ ਵਿਸ਼ੇਸ਼ ਕੈਂਪਾਂ 'ਚ ਸਿਹਤ ਵਿਭਾਗ ਵੱਲੋਂ ਗਰਭਵਤੀ ਅੌਰਤਾਂ ਨੂੰ ਮੁਫਤ ਸੇਵਾਵਾਂ, ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪ੍ਰਤੀ, ਪੋਸ਼ਟਿਕ ਭੋਜਨ ਖਾਣ ਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣ ਲਈ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਜਣੇਪੇ ਸਮੇਂ ਜਾਂ ਬਾਅਦ 'ਚ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ। ਸਿਵਲ ਸਰਜਨ ਨੇ ਕਿਹਾ ਕਿ ਜ਼ੱਚਾ ਬੱਚਾ ਦੀ ਤੰਦਰੁਸਤ ਸਿਹਤ ਲਈ ਸੰਸਥਾਗਤ ਜਣੇਪਾ ਹੀ ਕਰਵਾਉਣਾ ਚਾਹੀਦਾ ਹੈ ਤੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲਾਂ 'ਚ ਮਿਲਣ ਵਾਲੀਆਂ ਮੁਫਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਜਸਪਿੰਦਰ ਸਿੰਘ, ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ , ਡਾ. ਹਰਜੋਤ, ਭੁਪਿੰਦਰ ਸਿੰਘ ਕਮਿਊਨਟੀ ਮੋਬਲਾਇਜ਼ਰ, ਉਪ ਵੈਦ ਨਵਰਾਜ ਸਿੰਘ ਤੇ ਹੋਰ ਸਿਹਤ ਕਰਮੀ ਹਾਜ਼ਰ ਸਨ।