ਸੋਨੂੰ ਉੱਪਲ, ਬਰਨਾਲਾ : ਬਰਨਾਲਾ-ਮੋਗਾ ਨੈਸ਼ਨਲ ਹਾਈਵੇ 'ਤੇ ਪੱਖੋਂ ਕੈਂਚੀਆਂ ਨੇੜੇ ਕਿਸਾਨਾਂ ਨੇ ਅਨਾਜ ਨਾਲ ਭਰੇ ਕਰੀਬ 150 ਤੋਂ ਵੱਧ ਟਰੱਕ-ਟਰਾਲਿਆਂ ਦਾ ਘਿਰਾਓ ਕਰ ਲਿਆ। ਸ਼ਨੀਵਾਰ ਦੇਰ ਰਾਤ ਤੋਂ 150 ਤੋਂ ਵੱਧ ਟਰੱਕ-ਟਰਾਲਿਆਂ ਦਾ ਘਿਰਾਓ ਕਰਨ ਤੋਂ ਬਾਅਦ ਐਤਵਾਰ ਸਵੇਰੇ ਕਿਸਾਨਾਂ ਨੇ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ 140 ਟਰਾਲਿਆਂ ਨੂੰ ਛੱਡ ਦਿੱਤਾ, ਜਦਕਿ 10 ਟਰਾਲੇ ਜੋ ਬਾਹਰੀ ਰਾਜਾਂ ਤੋਂ ਆਏ ਸੀ ਕਿਸਾਨਾਂ ਨੇ ਉਨ੍ਹਾਂ ਨੇ ਰੋਕ ਕੇ ਰੱਖਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ 'ਤੇ ਕਿਸਾਨਾਂ ਦੁਆਰਾ ਧਰਨਾ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਘਟਨਾ ਸਥਾਨ 'ਤੇ ਥਾਣਾ ਸਦਰ, ਥਾਣਾ ਟੱਲੇਵਾਲ, ਡੀਐੱਸਪੀ ਸਿਟੀ ਲਖਵਿੰਦਰ ਸਿੰਘ ਟੀਵਾਣਾ ਅਤੇ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੁਆਰਾ ਕਿਸਾਨਾਂ ਨੂੰ ਸ਼ਾਂਤ ਕੀਤਾ ਗਿਆ। ਪੁਲਿਸ ਦੁਆਰਾ ਰਾਹਗੀਰਾਂ ਦੀ ਸੁਵਿਧਾ ਲਈ ਟਰੱਕਾਂ ਨੂੰ ਹਾਈਵੇ ਕਿਨਾਰੇ ਰੋਕਿਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਕੀਤਾ।

ਦੱਸ ਦੇਈਏ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਬਰਨਾਲਾ, ਮਾਨਸਾ, ਬਠਿੰਡਾ ਸਮੇਤ ਹੋਰ ਜ਼ਿਲ੍ਹਿਆਂ 'ਚ ਸਟੋਰ ਹੋਣ ਲਈ ਬਰਨਾਲਾ ਤੋਂ ਅਨਾਜ ਨਾਲ ਭਰੇ ਟਰੱਕ ਟਰਾਲੇ ਲੰਘ ਰਹੇ ਸਨ ਪਰ ਕਿਸਾਨਾਂ ਦੁਆਰਾ ਬਾਹਰੀ ਰਾਜਾਂ ਤੋਂ ਅਨਾਜ ਸਟੋਰ ਹੋਣ ਦੀ ਗਲਤ ਸੂਚਨਾ 'ਤੇ ਇਨ੍ਹਾਂ ਨੂੰ ਰੋਕ ਲਿਆ ਗਿਆ। ਇਸਤੋਂ ਬਾਅਦ ਪੰਜਾਬ ਦੇ ਵਾਹਨਾਂ ਨੂੰ ਕਾਗਜ਼ਾਤ ਚੈੱਕ ਕਰਕੇ ਛੱਡ ਦਿੱਤਾ ਗਿਆ। ਹੁਣ ਬਾਹਰੀ ਰਾਜਾਂ ਯੂਪੀ-ਬਿਹਾਰ ਦੇ 10 ਟਰਾਲਿਆਂ ਨੂੰ ਰੋਕ ਰੱਖਿਆ ਹੈ।

ਕਿਸਾਨ ਨੇਤਾ ਦਰਸ਼ਨ ਸਿੰਘ, ਸਤਨਾਮ ਸਿੰਘ, ਉਜਾਗਰ ਸਿੰਘ, ਨਾਜਰ ਸਿੰਘ ਨੇ ਕਿਹਾ ਕਿ ਬਾਹਰੀ ਰਾਜਾਂ ਤੋਂ ਸ਼ੈੱਲਰ 'ਚ ਅਨਾਜ ਲਿਆ ਕੇ ਸਟੋਰ ਕੀਤਾ ਜਾ ਰਿਹਾ ਹੈ। ਕਿਸਾਨ ਤਾਂ ਪਹਿਲਾਂ ਹੀ ਖੇਤੀ ਬਿੱਲ ਨੂੰ ਲੈ ਕੇ ਜ਼ਿੰਦਗੀ-ਮੌਤ ਨਾਲ ਜੂਝ ਰਹੇ ਹਨ ਤੇ ਹੁਣ ਕਿਸਾਨਾਂ ਦੇ ਸੰਘਰਸ਼ ਦੀ ਆੜ 'ਚ ਬਾਹਰੀ ਰਾਜਾਂ ਦੇ ਅਨਾਜ ਨੂੰ ਸਟੋਰ ਕੀਤਾ ਜਾ ਰਿਹਾ ਹੈ। ਜੇਕਰ ਅਨਾਜ ਦਾ ਸਟਾਕ ਪੂਰਾ ਹੋ ਗਿਆ ਤਾਂ ਉਨ੍ਹਾਂ ਦਾ ਅਨਾਜ ਕੌਣ ਖ਼ਰੀਦੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੁਆਰਾ ਅਜਿਹਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੰਘਰਸ਼ ਕੀਤਾ ਜਾਵੇਗਾ। ਜੇਕਰ ਸ਼ੈੱਲਰ ਦਾ ਸਟਾਕ ਪੂਰਾ ਹੋ ਗਿਆ ਤਾਂ ਦੌਹਰੀ ਮਾਰ ਪਵੇਗੀ।

ਡੀਐੱਸਪੀ ਸਿਟੀ ਲਖਵਿੰਦਰ ਸਿੰਘ ਟੀਵਾਣਾ ਨੇ ਕਿਹਾ ਕਿ ਜਿਵੇਂ ਹੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਰਾਹਗੀਰਾਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਲਈ ਟਰੱਕ ਕਿਨਾਰਿਆਂ 'ਤੇ ਖੜ੍ਹੇ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੁਆਰਾ ਹਰ ਤਰ੍ਹਾਂ ਦੀ ਨਜ਼ਰ ਰੱਖੀ ਜਾ ਰਹੀ ਹੈ ਤੇ ਮਾਹੌਲ ਨੂੰ ਸ਼ਾਂਤ ਬਣਾਇਆ ਜਾ ਰਿਹਾ ਹੈ। ਉਥੇ ਹੀ ਮਾਰਕਿਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਤੇ ਡੀਐੱਫਐੱਸਓ ਨੇ ਕਿਹਾ ਕਿ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਸਰਕਾਰ ਦਾ ਸਾਥ ਦੇ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ।

Posted By: Ramanjit Kaur