ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਾਦਲ ਪਰਿਵਾਰ ਦੇ ਨਜ਼ਦੀਕੀ ਰਹਿ ਚੁੱਕੇ ਉੱਘੇ ਸਮਾਜਸੇਵੀ ਲਖਵੀਰ ਸਿੰਘ ਲੱਖੀ ਜੈਲਦਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਲਕੇ ਤੋਂ ਚੋਣ ਨਹੀ ਲੜਣਗੇ। ਉਨ੍ਹਾਂ ਕਿਹਾ ਕਿ ਮੇਰੇ ਹਲਕਾ ਬਰਨਾਲਾ ਤੋਂ ਚੋਣ ਲੜਣ ਬਾਰੇ ਚੱਲ ਰਹੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ, ਜਿਸ ’ਚ ਕੋਈ ਸੱਚਾਈ ਨਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਤੋਂ ਚੋਣ ਨਹੀਂ ਲੜਾਂਗਾ। ਜੈਲਦਾਰ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੇਰੇ ਬਹੁਤ ਸਤਿਕਾਰਯੋਗ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਹਨ। ਉਨ੍ਹਾਂ ਨੇ ਹਲਕਾ ਬਰਨਾਲਾ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ ਤੇ ਉਨ੍ਹਾਂ ਦੇ ਮਨ ’ਚ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਚਾਹ ਹੈ। ਮੈਂ ਹਲਕਾ ਬਰਨਾਲਾ ’ਚ ਕੇਵਲ ਸਿੰਘ ਢਿੱਲੋਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗਾ ਤੇ ਉਨ੍ਹਾਂ ਨੂੰ ਇੱਥੋਂ ਜਿਤਾ ਕੇ ਦੁਬਾਰਾ ਬਣਨ ਵਾਲੀ ਕਾਂਗਰਸ ਸਰਕਾਰ ’ਚ ਮੰਤਰੀ ਦੇ ਅਹੁਦੇ ’ਤੇ ਬਿਠਾਉਣ ’ਚ ਆਪਣਾ ਪੂਰਾ ਯੋਗਦਾਨ ਪਾਵਾਂਗਾ। ਉਨ੍ਹਾਂ ਕਿਹਾ ਕੇਵਲ ਸਿੰਘ ਢਿੱਲੋਂ ਕਾਂਗਰਸ ਦਾ ਅਜਿਹਾ ਵਫਾਦਾਰ ਸਿਪਾਹੀ ਹੈ, ਜਿਸ ਨੇ ਇਕੱਲੇ ਆਪਣੇ ਬਲਬੂਤੇ ਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਕੇ 2006 ’ਚ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਗਰਾਂਟਾਂ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਲਿਆ ਕੇ ਦਿੱਤੀਆਂ।


ਬਰਨਾਲੇ ਦੇ ਲੋਕ ਢਿੱਲੋਂ ਨੂੰ ਜਿਤਾ ਕੇ ਮੰਤਰੀ ਬਨਾਉਣ ਲਈ ਉਤਾਵਲੇ : ਮੱਖਣ ਸ਼ਰਮਾ


ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੀ ਸਪਸ਼ਟ ਕੀਤਾ ਕਿ ਸਿਰਫ਼ ਕੇਵਲ ਸਿੰਘ ਢਿੱਲੋਂ ਹੀ ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਤੇ ਉਹ ਹੀ ਹੋਣਗੇ। ਸਮੁੱਚੀ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀ ਵੀ ਆਉਣ ਵਾਲੀਆਂ ਚੋਣਾਂ ’ਚ ਕੇਵਲ ਸਿੰਘ ਢਿੱਲੋਂ ਨੂੰ ਹੂੰਝਾ ਫੇਰੂ ਜਿੱਤ ਦੁਆ ਕੇ ਵਿਧਾਨ ਸਭਾ ’ਚ ਭੇਜ ਕੇ ਮੰਤਰੀ ਬਣਵਾਉਣ ਲਈ ਪੱਬਾ ਭਾਰ ਹਨ। ਉਨ੍ਹਾਂ ਕਿਹਾ ਕਿ ਢਿੱਲੋਂ ਦੀ ਜਿੱਤ ਯਕੀਨੀ ਹੋਈ ਪਈ ਹੈ ਜਿਸਨੂੰ ਵੇਖਕੇ ਵਿਰੋਧੀ ਕਈ ਸਕੀਮਾਂ ਘੜ ਰਹੇ ਹਨ, ਪਰ ਉਹ ਆਪਣੀ ਕਿਸੇ ਚਾਲ ’ਚ ਕਾਮਯਾਬ ਨਹੀਂ ਹੋ ਸਕਣਗੇ।

Posted By: Ravneet Kaur