ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਵਿਦੇਸ਼ ਜਾਣ ਦੀ ਇੱਛਾ ’ਚ ਕਿੰਨੇ ਹੀ ਘਰ ਤਬਾਹ ਹੋ ਗਏ ਹਨ। ਅਜਿਹੀ ਹੀ ਇਕ ਤਾਜ਼ਾ ਮਿਸਾਲ ਬਰਨਾਲਾ ਦੀ ਹੈ। ਜਿੱਥੇ ਇਕ ਨੌਜਵਾਨ ਦੀ ਚੰਡੀਗੜ੍ਹ ’ਚ ਨਰਸਿੰਗ ਟ੍ਰੇਨਿੰਗ ਦੇ ਦੌਰਾਨ ਐਨਆਰਆਈ ਲੜਕੀ ਨਾਲ ਦੋਸਤੀ ਹੋ ਗਈ। ਹੌਲੀ-ਹੌਲੀ ਇਹ ਦੋਸਤੀ ਪਿਆਰ ’ਚ ਬਦਲ ਗਈ। ਨੌਜਵਾਨ ਸਟੱਡੀ ਵੀਜ਼ਾ ’ਤੇ ਇੰਗਲੈਂਡ ਚਲਾ ਗਿਆ ਤੇ ਲੜਕੀ ਕੈਨੇਡਾ ਪਰ ਫ਼ਿਰ ਵੀ ਦੋਵੇਂ ’ਚ ਪਿਆਰ ਘੱਟ ਨਾ ਹੋਇਆ। ਅਖ਼ੀਰ 9 ਸਾਲ ਬਾਅਦ ਇਸੇ ਸਾਲ 20 ਫ਼ਰਵਰੀ ਨੂੰ ਦੋਵਾਂ ਨੇ ਭਾਰਤ ਆ ਕੇ ਵਿਆਹ ਕਰਵਾ ਲਿਆ। ਇਸ ਦੌਰਾਨ 18 ਜੂਨ ਨੂੰ ਐਨਆਰਆਈ ਲੜਕੀ ਸਮਨਦੀਪ(ਵਾਸੀ ਪੱਤੀ ਬਾਜਾ ਲੰਡੇਕੇ ਜ਼ਿਲ੍ਹਾ ਮੋਗਾ) ਵਾਪਸ ਕੈਨੇਡਾ ਚਲੀ ਗਈ। ਉਸ ਨੇ ਆਪਣੇ ਪਤੀ ਨੂੰ ਵਾਅਦਾ ਕੀਤਾ ਸੀ ਕਿ ਉਹ ਵਿਆਹ ਸਰਟੀਫ਼ਿਕੇਟ ਦੇ ਅਧਾਰ ’ਤੇ ਉਸ ਨੂੰ ਵਿਦੇਸ਼ ਬੁਲਾ ਲਵੇਗੀ। ਪਰ ਵਿਦੇਸ਼ ਪਹੁੰਚਦੇ ਹੀ ਉਹ ਵਾਅਦਾ ਭੁੱਲ ਗਈ। ਇਸ ਗਮ ’ਚ ਨੌਜਵਾਨ ਬਲਵਿੰਦਰ ਸਿੰਘ (33) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਨੇ 12ਵੀਂ ਪਾਸ ਕਰਨ ਦੇ ਬਾਅਦ ਨਰਸਿੰਗ ਦਾ ਕੋਰਸ ਫ਼ੋਰਟਿਸ ਚੰਡੀਗੜ੍ਹ ’ਚ ਕੀਤਾ ਸੀ। ਜਿਸ ਦੇ ਬਾਅਦ ਉਹ ਅੱਗੇ ਦੀ ਪੜ੍ਹਾਈ ਦੇ ਲਈ ਸਟੱਡੀ ਵੀਜਾ ’ਤੇ ਇੰਗਲੈਂਡ ਚਲਾ ਗਿਆ। ਜਿੱਥੇ ਉਸ ਨੇ ਦੋ ਸਾਲ ਦਾ ਕੋਰਸ ਕੀਤਾ। ਇਸ ਦੇ ਬਾਅਦ ਉਹ ਵਰਕ ਪਰਮਟ ’ਤੇ ਉੱਥੇ ਹੀ ਕੰਮ ਕਰਨ ਲੱਗੇ। ਚੰਡੀਗੜ੍ਹ ’ਚ ਨਰਸਿੰਗ ਦਾ ਕੋਰਸ ਕਰਨ ਦੇ ਦੌਰਾਨ ਉਸ ਦੀ ਕੈਨੇਡਾ ਪੀਆਰ ਲੜਕੀ ਸਮਨਦੀਪ ਕੌਰ ਦੇ ਨਾਲ ਦੋਸਤੀ ਹੋ ਗਈ ਸੀ। ਸਮਨਦੀਪ ਬਲਵਿੰਦਰ ਸਿੰਘ ਦੇ ਨਾਲ ਹੀ ਪੜ੍ਹਦੀ ਸੀ। ਬਲਵਿੰਦਰ ਸਿੰਘ ਤੇ ਸਮਨਦੀਪ ਦਾ ਚੰਗਾ ਮਿਲਣਾ ਜੁਲਦਾ ਸੀ। ਦੋਵੇਂ ਵਿਦੇਸ਼ ਰਹਿਣ ਦੀ ਇੱਛਾ ਰੱਖਦੇ ਸਨ। ਵਿਦਿਆਰਥੀ ਲਾਇਫ਼ ਦੇ 9 ਸਾਲ ਬਾਅਦ ਦੋਵਾਂ ਨੇ ਇਕ ਦੂਸਰੇ ਨੂੰ ਜੀਵਨਸਾਥੀ ਬਣਾਉਣਾ ਚਾਹਿਆ। ਜਿਸ ਨੂੰ ਲੈ ਦੇ ਦੋਵੇਂ ਪਰਿਵਾਰਾਂ ’ਚ ਸਹਿਮਤੀ ਨਾਲ ਵਿਆਹ ਦੀ ਗੱਲ ਹੋ ਗਈ। ਜਨਵਰੀ 2020 ’ਚ ਦੋਵੇਂ ਵਿਦੇਸ ਤੋਂ ਬਰਨਾਲਾ ਆ ਗਏ। ਉੱਥੇ ਲੜਕੀ ਦੇ ਨਾਲ ਉਸ ਦੀ ਕੈਨੇਡਾ ’ਚ ਰਹਿਣ ਵਾਲੀ ਮਾਂ ਕੁਲਵਿੰਦਰ ਕੌਰ ਵੀ ਆਈ। ਲੜਕੇ ਦੀ ਮਾਤਾ ਇੰਦਰਜੀਤ ਕੌਰ ਤੇ ਉਸ ਦੇ ਵੱਡੇ ਭਾਈ ਸੋਨੂੰ ਸਿੰਘ ਨਿਵਾਸੀ ਅਸਟ੍ਰੇਲੀਆ ਤੋਂ ਵਾਪਸ ਆ ਗਏ। ਦੋਵੇਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ 20 ਫ਼ਰਵਰੀ ਨੂੰ ਵਿਆਹ ਹੋ ਗਿਆ। ਵਿਆਹ ਦੇ ਪੰਜ ਮਹੀਨੇ ਤੱਕ ਦੋਵੇਂ ਇਕੱਠੇ ਰਹੇ। ਇਸ ਦੇ ਬਾਅਦ ਲੜਕੀ 18 ਜੂਨ ਨੂੰ ਕੈਨੇਡਾ ਚਲੀ ਗਈ। ਉਸ ਨੇ ਵਾਅਦਾ ਕੀਤਾ ਕਿ ਉਹ ਪਤੀ ਬਲਵਿੰਦਰ ਨੂੰ ਜਲਦ ਵਿਆਹ ਫ਼ਾਇਲ ਦੇ ਅਧਾਰ ’ਤੇ ਕੈਨੇਡਾ ਬੁਲਾ ਲਵੇਗੀ। ਪਰ ਕੈਨੇਡਾ ਪਹੁੰਚਦੇ ਹੀ ਲੜਕੀ ਨੇ ਲੜਕੇ ਤੋਂ ਦੂਰੀ ਬਣਾ ਲਈ। ਉਹ ਫ਼ੋਨ ’ਤੇ ਵੀ ਉਸ ਨਾਲ ਗੱਲਬਾਤ ਬੰਦ ਕਰ ਗਈ। ਇਸ ਦੁੱਖ ’ਚ ਬਲਵਿੰਦਰ ਸਿੰਘ ਨੇ 25 ਸਤੰਬਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਨੇ ਖੁਦਕੁਸ਼ੀ ਨੋਟਿਸ ’ਚ ਪਤਨੀ ’ਤੇ ਵਿਆਹ ਦੇ ਨਾਮ ’ਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਉੱਥੇ ਮਿ੍ਰਤਕ ਨੌਜਵਾਨ ਦੇ ਚਾਚਾ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਮਨਦੀਪ ਕੌਰ, ਉਸ ਦੀ ਮਾਤਾ ਕੁਲਵਿੰਦਰ ਕੌਰ, ਭਾਈ ਕਮਲਦੀਪ ਸਿੰਘ ਤੇ ਭਾਬੀ ਨਵਦੀਪ ਕੌਰ ਧੋਖਾਧੜੀ ਕਰਦੇ ਹਨ। ਇਸ ਤੋਂ ਪਹਿਲਾਂ ਵੀ ਲੜਕੀ ਦੇ ਭਾਈ ਨੇ ਮੋਗਾ ਦੀ ਲੜਕੀ ਨਾਲ ਵਿਆਹ ਕਰਕੇ ਲੱਖਾਂ ਰੁਪਏ ਹੜੱਪੇ ਤੇ 11 ਸਾਲ ਬਾਅਦ ਰਿਸ਼ਤਾ ਤੋੜ ਦਿੱਤਾ।

ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਥਾਣਾ ਸਿਟੀ 1 ਦੇ ਮੁਖੀ ਇੰਸਪੈਕਟਰ ਰੁਪਿੰਦਰਪਾਲ ਸਿੰਘ ਮੌਕੇ ’ਤੇ ਗਏ ਸਨ। ਮਾਮਲੇ ’ਚ ਏਐਸਆਈ ਸਤਵਿੰਦਰ ਪਾਲ ਸਿੰਘ ਸ਼ਰਮਾ ਨੂੰ ਕੇਸ ਇੰਚਾਰਜ ਲਗਾਇਆ ਗਿਆ ਹੈ। ਪੁਲਿਸ ਨੇ ਮਾਤਾ ਇੰਦਰਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਸਮਨਦੀਪ ਕੌਰ, ਉਸ ਦੀ ਮਾਂ ਕੁਲਵਿੰਦਰ ਕੌਰ, ਭਾਈ ਕਮਲਦੀਪ ਸਿੰਘ ਤੇ ਭਾਬੀ ਨਵਦੀਪ ਕੌਰ ’ਤੇ ਧਾਰਾ 306 ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Tejinder Thind