ਤੁਸ਼ਾਰ ਸ਼ਰਮਾ, ਬਰਨਾਲਾ : ਸਕੂਲ ਸਿੱੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਮਾਤ ਭਾਸ਼ਾ ਬਾਰੇ ਗਿਆਨ ਦਿੰਦਿਆਂ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ 22 ਨਵੰਬਰ ਤੋਂ 30 ਨਵੰਬਰ ਤੱਕ ਪ੍ਰਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ।

ਸਥਾਨਕ ਪ੍ਰਰਾਇਮਰੀ ਸਕੂਲ ਪੱਤੀ ਬਾਜਵਾ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ ਮੈਡਮ ਵਸੁੰਧਰਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਲਿ੍ਹੇ ਦੇ ਪ੍ਰਰਾਇਮਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ, ਭਾਸ਼ਣ ਮੁਕਾਬਲੇ, ਕਵਿਤਾ ਗਾਇਨ, ਪੰਜਾਬੀ ਪੜ੍ਹਨ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਤੇ ਆਮ ਗਿਆਨ ਆਦਿ ਵੱਖ ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਉਣ ਤੋਂ ਇਲਾਵਾ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਅਖੀਰਲੇ ਦਿਨ 30 ਨਵੰਬਰ ਨੂੰ ਸਕੂਲਾਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰੰਗ ਬਿਰੰਗੇ ਹੱਥ ਲਿਖਤ ਮੈਗਜ਼ੀਨ ਜਾਰੀ ਕੀਤੇ ਗਏ।

ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਸਹਿ-ਵਿੱਦਿਅਕ ਮੁਕਾਬਲਿਆਂ ਤੇ ਹੱਥ ਲਿਖਤ ਮੈਗਜ਼ੀਨ ਜਾਰੀ ਕਰਨ ਦਾ ਮਨੋਰਥ ਬਾਲ ਮਨਾਂ ਅੰਦਰ ਮਾਤ ਭਾਸ਼ਾ ਪੰਜਾਬੀ ਪ੍ਰਤੀ ਲਗਾਅ ਪੈਦਾ ਕਰਨਾ ਤੇ ਆਮ ਬੋਲ ਚਾਲ ਦੌਰਾਨ ਪੰਜਾਬੀ ਭਾਸ਼ਾ ਦੇ ਇਸਤੇਮਾਲ ਲਈ ਉਤਸ਼ਾਹਿਤ ਕਰਨਾ ਹੈ। ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ, ਨਰਿੰਦਰ ਕੁਮਾਰ ਸਹਾਇਕ ਕੋ-ਆਰਡੀਨੇਟਰ ਪੜ੍ਹੋ ਪੰਜਾਬ, ਰਮਨਦੀਪ ਸਿੰਘ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਬਰਨਾਲਾ ਗੁਰਗੀਤ ਸਿੰਘ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਮਹਿਲ ਕਲਾਂ, ਜਸਵੀਰ ਸਿੰਘ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਤੇ ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਤੇ ਅਧਿਆਪਕਾਂ 'ਚ ਭਾਰੀ ਉਤਸ਼ਾਹ ਰਿਹਾ।