ਸਟਾਫ਼ ਰਿਪੋਰਟਰ, ਬਰਨਾਲਾ : ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਸ਼ਨਿੱਚਰਵਾਰ ਨੂੰ ਇੱਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੱਸਿਆ ਕਿ 15 ਅਗਸਤ, 2022 ਨੂੰ ਜ਼ਿਲਾ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਤੇ ਜ਼ਿਲਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪਰੇਡ ਤੇ ਮਾਰਚ ਪਾਸਟ ਦਾ ਨਿਰੀਖਣ ਕੀਤਾ। ਪਰੇਡ ਕਮਾਂਡਰ ਡੀਐਸਪੀ ਸਤਵੀਰ ਸਿੰਘ ਦੀ ਅਗਵਾਈ 'ਚ ਕੀਤੇ ਗਏ ਮਾਰਚ ਪਾਸਟ 'ਚ ਪੰਜਾਬ ਪੁਲਿਸ ਪੁਰਸ਼ਾਂ ਦੀ ਟੁਕੜੀ, ਮਹਿਲਾ ਪੁਲਿਸ ਦੀ ਟੁਕੜੀ, ਹੋੋਮ ਗਾਰਡਜ਼ ਦੀ ਟੁਕੜੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਐਨ ਸੀ ਸੀ ਕੈਡਿਟਾਂ ਤੇ ਸਕੂਲ ਬੈਂਡ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀਟੀ ਸ਼ੋਅ, ਝਾਕੀਆਂ, ਸੱਭਿਆਚਾਰ ਪੇਸ਼ਕਾਰੀਆਂ ਆਜ਼ਾਦੀ ਦਿਵਸ ਦੇ ਜਸ਼ਨਾਂ ਦਾ ਹਿੱਸਾ ਹੋਣਗੀਆਂ। ਆਜ਼ਾਦੀ ਦਿਵਸ ਸਮਾਗਮ 'ਚ ਪਵਨ ਸੇਵਾ ਸਮਿਤੀ ਦੇ ਵਿਸ਼ੇਸ਼ ਬੱਚਿਆਂ ਵੱਲੋਂ ਵੀ ਪੇਸ਼ਕਾਰੀ ਦਿੱਤੀ ਜਾਵੇਗੀ। ਰਿਹਰਸਲ ਦਾ ਨਿਰੀਖਣ ਕਰਨ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਕੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ, ਐਸਪੀ ਮੇਜਰ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਵਿਦਿਆਰਥੀ ਹਾਜ਼ਰ ਸਨ।