ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਭਾਵੇਂ ਮੁਕੰਮਲ ਦੁਕਾਨਾਂ ਬੰਦ ਕਰਕੇ ਮੰਤਰੀ ਦੀ ਸਖਤ ਸੁਰੱਖਿਆ ਲਈ ਪੱਬਾਂ ਭਾਰ ਸੀ, ਪਰ ਜਿਉਂ ਹੀ 72ਵੇਂ ਗਣਤੰਤਰ ਦਿਵਸ ਸਮਾਗਮ ਨੂੰ ਸੰਪਨ ਕਰਕੇ ਮੰਤਰੀ ਦਾ ਕਾਫ਼ਲਾ ਜ਼ਿਲ੍ਹਾ ਕੰਪਲੈਕਸ ’ਚੋਂ ਰਵਾਨਾਂ ਹੋਣ ਲੱਗਿਆ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਧਾਕ ਲਗਾਈ ਬੈਠੇ ਬੇਰੁਜ਼ਗਾਰਾਂ ਤੇ ਸਾਥੀ ਜਥੇਬੰਦੀਆਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਮੂਹਰੇ ਲੰਮੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਬੇਰੁਜ਼ਗਾਰ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਉਨ੍ਹਾਂ ਨੂੰ ਲਿਖਤੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਮੰਤਰੀ ਨਾਲ ਮੁਲਾਕਾਤ ਕਰਵਾਈ ਜਾਵੇਗੀ। ਝੰਡਾ ਲਹਿਰਾਉਣ ਉਪਰੰਤ ਮੰਤਰੀ ਨਾਲ ਮੁਲਾਕਾਤ ਦਾ ਭਰੋਸਾ ਦੇਣ ਵਾਲੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਮੰਤਰੀ ਨਾਲ ਮੀਟਿੰਗ ਨਾ ਕਰਵਾਉਣ ’ਤੇ ਭੜਕੇ ਜਥੇਬੰਦੀਆਂ ਦੇ ਆਗੂਆਂ ਨੇ ਮੰਤਰੀ ਦੇ ਕਾਫ਼ਲੇ ਦਾ ਘਿਰਾਓ ਕਰਦਿਆਂ ਜਿੱਥੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ।

ਉੱਥੇ ਹੀ ਉਨ੍ਹਾਂ ਦੇ ਕਾਫ਼ਲੇ ਵਾਲੀਆਂ ਗੱਡੀਆਂ ਮੁਹਰੇ ਲਿਟ ਕੇ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਭਾਵੇਂ ਪੁਲਿਸ ਵਲੋਂ ਬੇਰੁਜ਼ਗਾਰਾਂ ਨੂੰ ਉੱਥੋਂ ਚੁੱਕ ਕੇ ਮੰਤਰੀ ਦਾ ਕਾਫ਼ਲਾ ਤਾਂ ਲੰਘਾ ਦਿੱਤਾ ਪਰ ਬੇਰੁਜ਼ਗਾਰ ਜਥੇਬੰਦੀ ਅਤੇ ਪਾਵਰਕਾਮ ਦੇ ਕਾਮਿਆਂ ਨੇ ਬਰਨਾਲ-ਹੰਡਿਆਇਆ ਰੋਡ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਸੜਕ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਸੁਰੂ ਕਰ ਦਿੱਤਾ। ਬੇਰੁਜ਼ਗਾਰਾਂ ਵਲੋਂ ਸਰਕਾਰ, ਸਿਹਤ ਮੰਤਰੀ ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਚਰਨਜੀਤ ਸਿੰਘ ਖਿਆਲੀ ਪਾਸਕੋ ਯੂਨੀਅਨ ਬਰਨਾਲਾ ਦੇ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਉਨ੍ਹਾਂ ਨਾਲ ਕੀਤੀ ਧੱਕਾਮੁੱਕੀ ਦੇ ਖਿਲਾਫ਼ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।

Posted By: Tejinder Thind